ਟੋਰਾਂਟੋ : ਕੈਨੇਡਾ ਦੇ ਨੂਨਾਵਤ ਸੂਬੇ ਵਿਚ ਵੀਰਵਾਰ ਨੂੰ ਪਹਿਲਾ ਮਰੀਜ਼ ਸਾਹਮਣੇ ਆਉਣ ਮਗਰੋਂ ਕੋਰੋਨਾ ਵਾਇਰਸ ਨੇ ਪੂਰੇ ਮੁਲਕ ਵਿਚ ਪੈਰ ਪਸਾਰ ਲਏ। ਚੀਫ਼ ਮੈਡੀਕਲ ਅਫ਼ਸਰ ਡਾ. ਮਾਈਕਲ ਪੈਟਰਸਨ ਨੇ ਦੱਸਿਆ ਕਿ ਪਹਿਲਾ ਮਰੀਜ਼ ਬਫ਼ਿਨ ਆਇਲੈਂਡ ਵਿਖੇ ਸਾਹਮਣੇ ਆਇਆ ਜਿਸ ਨੂੰ ਆਈਸੋਲੇਟ ਕੀਤਾ ਗਿਆ ਹੈ। ਕੈਨੇਡਾ ਵਿਚ ਵੀਰਵਾਰ ਰਾਤ ਤੱਕ ਮਰੀਜ਼ਾਂ ਦਾ ਕੁਲ ਅੰਕੜਾ 53, 236 ਹੋ ਗਿਆ ਜਦਕਿ ਹੁਣ ਤੱਕ 3279 ਮੌਤਾਂ ਹੋ ਚੁੱਕੀਆਂ ਹਨ। ਕੈਨੇਡਾ ਦੇ ਆਰਕਟਿਕ ਇਲਾਕੇ ਵਿਚ ਸ਼ੁਰੂਆਤ ਤੋਂ ਕੌਵਿਡ-19 ਫੈਲਣ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਸੀ ਪਰ ਦੂਰ-ਦਰਾਡੇ ਅਤੇ ਘੱਟ ਆਬਾਦੀ ਹੋਣ ਕਾਰਨ ਵਾਇਰਸ ਨੂੰ ਪੈਰ ਪਸਾਰਨ ਦੇ ਹਾਲਾਤ ਨਾ ਬਣ ਸਕੇ। ਹੁਣ ਕੈਨੇਡਾ ਦਾ ਕੋਈ ਇਲਾਕਾ ਨਹੀਂ ਬਚਿਆ ਜਿਥੇ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਨਾ ਆਏ ਹੋਣ। ਉਧਰ ਉਨਟਾਰੀਓ ਵਿਚ ਵੀਰਵਾਰ ਨੂੰ ਕੋਰੋਨਾ ਵਾਇਰਸ ਕਾਰਨ 86 ਮਰੀਜ਼ ਦਮ ਤੋੜ ਗਏ ਜੋ ਹੁਣ ਤੱਕ ਦਾ ਸਭ ਤੋਂ ਉਚਾ ਅੰਕੜਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 59 ਮਰੀਜ਼ਾਂ ਨੇ ਦਮ ਤੋੜਿਆ ਸੀ।
ਨੂਨਾਵਤ ਵਿਚ ਪਹਿਲੇ ਮਰੀਜ਼ ਦੀ ਪੁਸ਼ਟੀ , ਮਰੀਜ਼ਾਂ ਦੀ ਕੁਲ ਗਿਣਤੀ 53, 236 ਹੋਈ, ਹੁਣ ਤੱਕ 3279 ਮੌਤਾਂ
ਉਨਟਾਰੀਓ ਵਿਚ ਹੁਣ ਤੱਕ 16, 187 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 1177 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਨਟਾਰੀਓ ਵਿਚ ਪਿਛਲੇ 24 ਘੰਟੇ ਦੌਰਾਨ 459 ਨਵੇਂ ਮਰੀਜ਼ ਸਾਹਮਣੇ ਆਏ। ਸੂਬੇ ਵਿਚ ਰੋਜ਼ਾਨਾ ਤਕਰੀਬਨ 13 ਹਜ਼ਾਰ ਟੈਸਟ ਕੀਤੇ ਜਾ ਰਹੇ ਹਨ ਜਦਕਿ ਪ੍ਰੀਮੀਅਰ ਡਗ ਫ਼ੋਰਡ ਵੱਲੋਂ 29 ਅਪ੍ਰੈਲ ਤੱਕ 14 ਹਜ਼ਾਰ ਟੈਸਟ ਰੋਜ਼ਾਨਾ ਕਰਨ ਦੇ ਹੁਕਮ ਦਿਤੇ ਗਏ ਸਨ। ਸੂਬੇ ਦੇ ਵੱਖ-ਵੱਖ ਹਸਪਤਾਲਾਂ ਵਿਚ ਭਰਤੀ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਤੋਂ ਹੇਠਾਂ ਬਣੀ ਹੋਈ ਹੈ ਅਤੇ ਇਨ੍ਹਾਂ ਵਿਚੋਂ ਤਕਰੀਬਨ 250 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ ਕਿਊਬਿਕ ਸੂਬੇ ਵਿਚ ਹੁਣ ਤੱਕ 27, 538 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ 1859 ਮੌਤਾਂ ਹੋ ਚੁੱਕੀਆਂ ਹਨ। ਬ੍ਰਿਟਿਸ਼ ਕੋਲੰਬੀਆ ਵਿਚ 111 ਮੌਤਾਂ ਹੋ ਚੁੱਕੀਆਂ ਹਨ ਜਦਕਿ ਮਰੀਜ਼ਾਂ ਦੀ ਗਿਣਤੀ 2112 ਹੋ ਗਈ ਹੈ। ਐਲਬਰਟਾ ਦਾ ਜ਼ਿਕਰ ਕੀਤਾ ਜਾਵੇ ਤਾਂ 5355 ਮਾਮਲਿਆਂ ਦੀ ਹੁਣ ਤੱਕ ਪੁਸ਼ਟੀ ਗਈ ਹੈ ਅਤੇ 89 ਮਰੀਜ਼ ਦਮ ਤੋੜ ਚੁੱਕੇ ਹਨ।