ਰਈਆ : ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਨੇ ਪਿੰਡ ਵਾਸੀਆਂ ਨੂੰ ਪ੍ਰੇਸ਼ਾਨ ਕਰ ਦਿਤਾ ਹੈ। ਗ਼ਰੀਬ ਵਿਧਵਾ ਮਾਂ ਦੇ ਇਕਲੌਤੇ ਪੁੱਤਰ ਦੀ ਬਹਿਰੀਨ ਦੇਸ਼ ਵਿਚ ਮੌਤ ਹੋਣ ਦਾ ਅਤੀ ਦੁਖਦਾਇਕ ਸਮਾਚਾਰ ਹੈ। ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਨੇ ਹੰਝੂ ਕੇਰਦੇ ਹੋਏ ਦਸਿਆ ਕਿ ਉਹ ਗੁਰੂਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਈਆ ਵਿਚ ਸਫ਼ਾਈ ਸੇਵਕਾ ਦਾ ਕੰਮ ਕਰਦੀ ਹੈ ਤੇ ਇਸ ਤੋਂ ਇਲਾਵਾ ਹੋਰ ਮਿਹਨਤ ਮਜ਼ਦੂਰੀ ਕਰ ਕੇ ਅਪਣੇ ਇਕਲੌਤੇ ਪੁੱਤਰ ਹਰਜਾਪ ਸਿੰਘ ਜੋ ਉਸ ਦਾ ਇਕੋ-ਇਕ ਸਹਾਰਾ ਸੀ ਨੂੰ 10+2 ਕਰਵਾਈ ਅਤੇ ਵਿਆਜ਼ੀ ਪੈਸੇ ਚੁੱਕ ਕੇ ਢਾਈ ਮਹੀਨੇ ਹੀ ਪਹਿਲਾਂ 8 ਫ਼ਰਵਰੀ ਨੂੰ ਹੀ ਬਹਿਰੀਨ ਭੇਜਿਆ ਸੀ। ਉਨ•ਾਂ ਦਸਿਆ ਕਿ ਸੋਮਵਾਰ ਦੁਪਹਿਰ ਕਰੀਬ 12 ਵਜੇ ਬਹਿਰੀਨ ਤੋਂ ਕਿਸੇ ਦਾ ਫ਼ੋਨ ਆਇਆ ਕਿ 26-4-20 ਨੂੰ ਸਵੇਰੇ 4 ਵਜੇ ਦੇ ਕਰੀਬ ਹਰਜਾਪ ਦੇ ਪੇਟ ਵਿਚ ਬਹੁਤ ਦਰਦ ਹੋਈ ਤਾਂ ਹਸਪਤਾਲ ਲਿਜਾਇਆ ਗਿਆ ਜਿੱਥੇ ਹਰਜਾਪ ਦੀ ਮੌਤ ਹੋ ਗਈ। ਸੁਖਵਿੰਦਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਉਸ ਦਾ ਕੋਈ ਨਹੀਂ ਹੈ ਤੇ ਨਾ ਉਸ ਕੋਲ ਕੋਈ ਪੈਸਾ ਹੀ ਹੈ। ਸੁਖਵਿੰਦਰ ਕੌਰ ਨੇ ਰੋਂਦੇ ਹੋਏ ਆਖਿਆ ਕਿ ਉਸ ਦੇ ਪੁੱਤਰ ਦੀ ਦੇਹ ਨੂੰ ਕੋਈ ਘਰ ਲੈ ਆਵੇ।