ਕੋਟਕਪੂਰਾ: ਕੋਟਕਪੂਰਾ-ਫਰੀਦਕੋਟ ਸੜਕ 'ਤੇ ਇੱਥੋਂ ਮਹਿਜ 3 ਕਿਲੋਮੀਟਰ ਦੂਰ ਪਿੰਡ ਸੰਧਵਾਂ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਹਜੂਰ ਸਾਹਿਬ ਨਾਂਦੇੜ ਤੋਂ ਆਏ ਅਤੇ ਠਹਿਰਾਏ ਗਏ ਸ਼ਰਧਾਲੂਆਂ 'ਚੋਂ ਤਿੰਨ ਦੀ ਰਿਪੋਰਟ ਪਾਜ਼ੇਟਿਵ ਆਉਣ ਅਰਥਾਤ ਉਨਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਕਾਰਨ ਇਲਾਕਾ ਵਾਸੀਆਂ 'ਚ ਡਰ, ਸਹਿਮ ਅਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਿਉਂਕਿ ਪ੍ਰਸ਼ਾਸ਼ਨਿਕ ਸੂਤਰਾਂ ਅਨੁਸਾਰ ਹਜੂਰ ਸਾਹਿਬ ਦੇ ਭਾਰੀ ਗਿਣਤੀ 'ਚ ਅਜੇ ਹੋਰ ਵੀ ਸ਼ਰਧਾਲੂਆਂ ਨੇ ਇੱਥੇ ਪੁੱਜਣਾ ਹੈ ਤੇ ਜਿਲਾ ਫਰੀਦਕੋਟ ਨਾਲ ਸਬੰਧਤ ਅਜਿਹੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜਿਆਦਾ ਹੈ। ਜਿਕਰਯੋਗ ਹੈ ਕਿ ਸਰਕਾਰ ਵਲੋਂ ਲਿਆਂਦੇ ਗਏ ਉਕਤ ਸ਼ਰਧਾਲੂਆਂ ਦਾ ਪਹਿਲਾਂ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਉਨਾਂ ਦੇ ਜਾਂਚ ਲਈ ਸੈਂਪਲ ਭੇਜੇ ਜਾਂਦੇ ਹਨ। ਉਕਤ ਮਰੀਜਾਂ 'ਚੋਂ ਦੋ ਔਰਤਾਂ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਦੀ ਖਬਰ ਇਲਾਕੇ 'ਚ ਜੰਗਲ ਦੀ ਅੱਗ ਵਾਂਗ ਫੈਲ ਗਈ ਤੇ ਕੁਝ ਕੁ ਘੰਟਿਆਂ ਬਾਅਦ ਪਤਾ ਲੱਗਾ ਕਿ ਇਕ ਹੋਰ ਔਰਤ 'ਚ ਕੋਰੋਨਾ ਦੇ ਲੱਛਣ ਆਉਣ ਕਾਰਨ ਕੋਰੋਨਾ ਪੀੜਤਾਂ ਦੀ ਗਿਣਤੀ 3 ਹੋ ਗਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਬਾਕੀ 17 ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਪਰ ਉਨਾਂ ਦੇ ਸੈਂਪਲ ਦੁਬਾਰਾ ਫਿਰ ਜਾਂਚ ਲਈ ਭੇਜੇ ਜਾਣਗੇ। ਸਿਹਤ ਵਿਭਾਗ ਨੇ ਹੁਣ ਤੱਕ ਛੋਟੋ ਕੌਰ ਉਮਰ 70 ਸਾਲ, ਪਿਆਰੋ ਕੌਰ 64 ਸਾਲ ਅਤੇ ਰਜਨੀ ਕੌਰ 23 ਸਾਲ 'ਚ ਕੋਰੋਨਾ ਦੇ ਲੱਛਣ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ। ਡਾ ਰਜਿੰਦਰ ਕੁਮਾਰ ਸਿਵਲ ਸਰਜਨ ਅਤੇ ਡਾ. ਹਰਕੰਵਲਜੀਤ ਸਿੰਘ ਐਸਐਮਓ ਮੁਤਾਬਿਕ ਭਾਵੇਂ ਪੰਜਾਬ ਤੋਂ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਦਾ ਮੈਡੀਕਲ ਚੈੱਕਅਪ ਕੀਤਾ ਜਾਂਦਾ ਹੈ ਪਰ ਸੈਂਪਲਾਂ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਉਂਦੀ ਹੈ। ਉਨਾ ਦੱਸਿਆ ਕਿ ਉਕਤਾਨ 3 ਮਰੀਜਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਬਣੇ ਆਈਸੋਲੇਸ਼ਨ ਵਾਰਡਾਂ 'ਚ ਭੇਜ ਦਿੱਤਾ ਗਿਆ ਹੈ। ਜਿੱਥੇ ਉਨਾ ਦੇ ਇਲਾਜ ਦੀ ਵੀ ਸ਼ੁਰੂਆਤ ਹੋ ਗਈ ਹੈ।