ਨਵੀਂ ਦਿੱਲੀ : ਕਾਂਗਰਸ ਨੇ ਕੋਟਾ ਵਿਚ ਫਸੇ ਵਿਦਿਆਰਥੀਆਂ ਦੇ ਸਬੰਧ ਵਿਚ ਦਿਤੇ ਗਏ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਬਿਆਨ ਨੂੰ ਮੌਕਾਪ੍ਰਸਤ ਰਾਜਨੀਤੀ ਦਾ ਸਬੂਤ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਅਪਣੇ ਰਾਜ ਦੇ ਬੱਚਿਆਂ ਨੂੰ ਉਥੇ ਰੱਬ ਆਸਰੇ ਛੱਡ ਦਿਤਾ ਹੈ। ਪਾਰਟੀ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ, 'ਕਿਹਾ ਜਾਂਦਾ ਹੈ ਕਿ ਬੁਰੇ ਵਕਤ ਵਿਚ ਇਨਸਾਨ ਦਾ ਅਸਲੀ ਚਰਿੱਤਰ ਸਾਹਮਣੇ ਆ ਜਾਂਦਾ ਹੈ। ਨਿਤੀਸ਼ ਜੀ ਨੇ ਕੋਟਾ ਵਿਚ ਫਸੇ ਬਿਹਾਰ ਦੇ ਵਿਦਿਆਰਥੀਆਂ ਦੀ ਮਦਦ ਨਾ ਕਰਨ ਦਾ ਫ਼ੈਸਲਾ ਕਰ ਕੇ ਇਹ ਸਾਬਤ ਕਰ ਦਿਤਾ ਹੈ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਸਿਰਫ਼ ਮੌਕਾਪ੍ਰਸਤ ਰਾਜਨੀਤੀ ਵਿਚ ਯਕੀਨ ਰੱਖਦੀ ਹੈ।' ਉਨ੍ਹਾਂ ਦੋਸ਼ ਲਾਇਆ ਕਿ ਇਕ ਪਾਸੇ ਬਿਹਾਰ ਦੇ ਵਿਦਿਆਰਥੀ ਮਦਦ ਮੰਗ ਰਹੇ ਹਨ ਤਾਂ ਦੂਜੇ ਪਾਸੇ ਬਿਹਾਰ ਦੀ ਜੇਡੀਯੂ-ਭਾਜਪਾ ਸਰਕਾਰ ਅਤੇ ਨਿਤੀਸ਼ ਕੁਮਾਰ ਨੇ ਉਨ੍ਹਾਂ ਨੂੰ ਰੱਬ ਆਸਰੇ ਛੱਡ ਦਿਤਾ ਹੈ। ਸ਼ੇਰਗਿੱਲ ਨੇ ਕਿਹਾ ਕਿ ਨਿਤੀਸ਼ ਕੁਮਾਰ ਨੂੰ ਅਪਣੇ ਫ਼ੈਸਲੇ ਬਾਰੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਾਲ ਗੱਲਬਾਤ ਦੌਰਾਨ ਰਾਜਸਥਾਨ ਦੇ ਕੋਟਾ ਵਿਚ ਫਸੇ ਵਿਦਿਆਰਥੀਆਂ ਦਾ ਮਾਮਲਾ ਚੁਕਦਿਆਂ ਨਿਤੀਸ਼ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਸੀਂ ਤਾਲਾਬੰਦੀ ਦੀ ਪਾਲਣਾ ਕਰ ਰਹੇ ਹਾਂ, ਇਸ ਲਈ ਜਦ ਤਕ ਦਿਸ਼ਾ-ਨਿਰਦੇਸ਼ਾਂ ਵਿਚ ਬਦਲਾਅ ਨਹੀਂ ਹੁੰਦਾ, ਤਦ ਤਕ ਕੋਟਾ ਵਿਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣਾ ਸੰਭਵ ਨਹੀਂ।