ਇਸਲਾਮਾਬਾਦ: ਪਾਕਿਸਤਾਨ 'ਚ ਐਤਵਾਰ ਨੂੰ ਇਕ ਹੀ ਦਿਨ ਵਿਚ ਕੋਰੋਨਾ ਵਾਇਰਸ ਦੇ 783 ਮਾਮਲੇ ਸਾਹਮਣੇ ਆਏ ਜਿਸ ਨਾਲ ਦੇਸ਼ 'ਚ ਹਾਲੇ ਤਕ 12, 579 ਲੋਕਾਂ ਦੇ ਪ੍ਰਭਾਵਤ ਹੋਣ ਦੀ ਪੁਸ਼ਟੀ ਹੋਈ ਹੈ। ਵੱਡੀ ਗਿਣਤੀ 'ਚ ਨਵੇਂ ਮਾਮਲੇ ਆਉਣ ਦੇ ਬਾਅਦ ਸਰਕਾਰੀ ਅਧਿਕਾਰੀਆਂ ਤੇ ਮਾਹਰਾਂ ਨੇ ਵਾਇਰਸ ਦੇ ਫੈਲਣ ਤੋਂ ਰੋਕਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮਸਜਿਦਾਂ ਵਿਚ ਨਾ ਜਾਣ ਅਤੇ ਰਮਜ਼ਾਨ ਦੇ ਦੌਰਾਨ ਸਮੂਹਿਕ ਨਮਾਜ਼ ਅਦਾ ਕਰਨ ਤੋਂ ਪਰਹੇਜ਼ ਕਰਨ। ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਵਿਚ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੁਣ ਦੇਸ਼ ਵਿਚ ਮ੍ਰਿਤਕਾਂ ਦਾ ਅੰਕੜਾ 269 ਹੋ ਗਿਆ। ਹੁਣ ਤਕ 2866 ਮਰੀਜ਼ ਕੋਰੋਨਾ ਮੁਕਤ ਹੋ ਚੁੱਕੇ ਹਨ। ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਕਿ ਰਾਸ਼ਟਰਪਤੀ ਆਰੀਫ਼ ਅਲਵੀ ਅਤੇ ਸੀਨੀਅਰ ਮੌਲਾਨਾਵਾਂ ਦੇ ਵਿਚਾਲੇ ਰਮਜ਼ਾਨ ਦੌਰਾਨ ਮਸਜ਼ਿਦਾਂ 'ਚ ਨਮਾਜ਼ ਦੀ ਇਜਾਜ਼ਤ ਦੇਣ ਦੇ ਲਈ ਜਿਹੜੀਆਂ 20 ਸ਼ਰਤਾਂ ਤੈਅ ਕੀਤੀਆਂ ਗਈਆਂ ਸਨ, ਉਨ੍ਹਾਂ ਦਾ ਪੂਰੀ ਤਰ੍ਹਾਂ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਅਲਵੀ ਨੇ ਸ਼ਰਤਾਂ ਦਾ ਹਵਾਲਾ ਦਿੰਦੇ ਹੋਏ ਮਸਜ਼ਿਦਾਂ ਦੇ ਇਮਾਮ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ 50 ਸਾਲ ਤੋਂ ਵੱਧ ਉਮਰ ਵਾਲੇ ਲੋਕਾ ਨੂੰ ਘਰਾਂ 'ਚ ਇਬਾਦਤ ਕਰਨ ਦੇ ਲਈ ਕਹਿਣ। ਅਲਵੀ ਨੇ ਰਾਵਲਪਿੰਡੀ 'ਚ ਮਸਜ਼ਿਦਾਂ ਦਾ ਦੌਰਾ ਕਰ ਕੇ ਕੋਰੋਨਾ ਵਾਇਰਸ ਦੇ ਫੈਲਣ ਦੀ ਰੋਕਥਾਮ ਲਈ ਮਸਜ਼ਿਦ ਪ੍ਰਸ਼ਾਸਨ ਵਲੋਂ ਚੁੱਕੇ ਜਾ ਰਹੇ ਕਦਮਾਂ ਦਾ ਜਾਇਜ਼ਾ ਵੀ ਲਿਆ।