ਮੁੰਬਈ : ਲੌਕਡਾਊਨ ਅਤੇ ਕੁਆਰੰਟੀਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਤੋਂ ਲੋਕ ਬਾਜ਼ ਨਹੀਂ ਆ ਰਹੇ। ਤਾਜ਼ਾ ਮਾਮਲਾ ਅਦਾਕਾਰਾ ਅਨੀਤਾ ਰਾਜ ਨਾਲ ਸਬੰਧਤ ਹੈ।
ਵੀਰਵਾਰ ਦੇਰ ਰਾਤ ਅਨੀਤਾ ਰਾਜ ਨੇ ਆਪਣੇ ਘਰ ਇੱਕ ਪਾਰਟੀ ਰੱਖੀ ਸੀ, ਜਿਸ 'ਚ ਉਨ੍ਹਾਂ ਦੇ ਬਹੁਤ ਸਾਰੇ ਦੋਸਤ ਸ਼ਾਮਲ ਸਨ, ਪਰ ਕੋਰੋਨਾ ਦੇ ਡਰ ਕਾਰਨ ਗੁਆਂਢੀਆਂ ਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅਨੀਤਾ ਰਾਜ ਨੇ ਆਪਣੇ ਬਿਆਨ 'ਚ ਇੱਕ ਮੈਡੀਕਲ ਐਮਰਜੈਂਸੀ ਤਹਿਤ ਲੋਕਾਂ ਦੇ ਘਰ ਪਹੁੰਚਣ ਦੀ ਗੱਲ ਕਹੀ ਹੈ।
ਅਨੀਤਾ ਰਾਜ ਅਤੇ ਉਨ੍ਹਾਂ ਦੇ ਪਤੀ ਸੁਨੀਲ ਹਿੰਗੋਰਾਨੀ 'ਤੇ ਗੁਆਂਢੀਆਂ ਨੇ ਕਥਿਤ ਤੌਰ 'ਤੇ ਆਪਣੇ ਦੋਸਤਾਂ ਲਈ ਪਾਰਟੀ ਦੀ ਮੇਜ਼ਬਾਨੀ ਕਰਨ ਦਾ ਦੋਸ਼ ਲਗਾਇਆ ਹੈ। ਜਦਕਿ ਮਹਾਰਾਸ਼ਟਰ ਸਰਕਾਰ ਨੇ ਕੋਰੋਨਾ ਦੀ ਲਾਗ ਨੂੰ ਰੋਕਣ ਦੀ ਕੋਸ਼ਿਸ਼ ਤਹਿਤ ਅਜਿਹੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਹੋਈ ਹੈ।
ਰਿਪੋਰਟ ਅਨੁਸਾਰ ਗੁਆਂਢੀਆਂ ਨੇ ਦੱਸਿਆ ਕਿ 57 ਸਾਲਾ ਅਦਾਕਾਰਾ ਅਨੀਤਾ ਰਾਜ ਅਤੇ ਉਸ ਦੇ ਫ਼ਿਲਮ ਨਿਰਮਾਤਾ ਪਤੀ ਨੇ ਮਹਿਮਾਨਾਂ ਨੂੰ ਆਪਣੇ ਪਾਲਿਕਾ ਹਿੱਲ ਦੀ ਰਿਹਾਇਸ਼ 'ਤੇ ਬੁਲਾਇਆ ਸੀ। ਇੱਕ ਸੂਤਰ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਗੁਆਂਢੀ ਆਸਪਾਸ ਦੇ ਇਲਾਕਿਆਂ ਤੋਂ ਆਏ ਲੋਕਾਂ ਕਾਰਨ ਕੋਰੋਨਾ ਦੀ ਲਾਗ ਕਾਰਨ ਖ਼ਤਰਾ ਮਹਿਸੂਸ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਸਥਾਨਕ ਪੁਲਿਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਦੱਸ ਦੇਈਏ ਕਿ 80 ਦੇ ਦਹਾਕੇ 'ਚ ਬਾਲੀਵੁੱਡ 'ਚ ਕਾਮਯਾਬੀ ਨੂੰ ਛੂਹਣ ਵਾਲੀ ਅਦਾਕਾਰਾ ਅਨੀਤਾ ਰਾਜ 57 ਸਾਲ ਦੀ ਉਮਰ ਵਿੱਚ ਵੀ ਕਾਫ਼ੀ ਫਿੱਟ ਹੈ। ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿਚਕਾਰ ਅਨੀਤਾ ਰੋਜ਼ਾਨਾ ਵਰਕਆਊਟ ਕਰਦੀ ਹੈ।
ਅਨੀਤਾ ਨੇ ਬਾਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ 1982 'ਚ ਫਿਲਮ 'ਪ੍ਰੇਮ ਗੀਤ' ਨਾਲ ਕੀਤੀ ਸੀ, ਜਿਸ ਤੋਂ ਬਾਅਦ ਉਹ ਰਾਤੋਂ-ਰਾਤ ਸਟਾਰ ਬਣ ਗਈ। ਅਨੀਤਾ ਇਸ ਸਮੇਂ ਟੀਵੀ ਸ਼ੋਅ 'ਛੋਟੀ ਸਰਦਾਰਨੀ' 'ਚ ਕੁਲਵੰਤ ਕੌਰ ਦਾ ਕਿਰਦਾਰ ਨਿਭਾ ਰਹੀ ਹੈ।