ਨਵੀਂ ਦਿੱਲੀ : ਕੋਰੋਨਾ ਵਾਇਰਸ ਕਾਰਨ ਬਣੀ ਮੁਸ਼ਕਲ ਦੀ ਇਸ ਮੌਜੂਦਾ ਘੜੀ ਵਿੱਚ ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਸਣੇ ਕਈ ਬਾਲੀਵੁਡ ਹਸਤੀਆਂ ਮਗਰੋਂ ਹੁਣ ਅਦਾਕਾਰਾ ਰਿਚਾ ਚੱਡਾ ਵੀ ਲੋਕਾਂ ਦੀ ਮਦਦ ਲਈ ਅੱਗੇ ਆਈ ਹੈ। ਉਹ ਇਕ ਗੁਰਦੁਆਰਾ ਸਾਹਿਬ ਰਾਹੀਂ ਲੋੜਵੰਦ ਲੋਕਾਂ ਤੱਕ ਖਾਣਾ ਪਹੁੰਚਾ ਰਹੀ ਹੈ। ਉਸ ਨੇ ਆਪਣੇ ਫੈਨਸ ਨੂੰ ਵੀ ਅਜਿਹਾ ਕਰਨ ਦੀ ਅਪੀਲ ਕੀਤੀ ਹੈ ਰਿਚਾ ਨੇ ਇਸ ਨੂੰ ਲੈ ਕੇ ਇਕ ਪੋਸਟ ਵੀ ਸ਼ੇਅਰ ਕੀਤੀ ਹੈ। ਰਿਚਾ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਗੁਰਦੁਆਰਾ ਸਾਹਿਬ ਦੇ ਲੋਕਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਰਾਸ਼ਨ ਲੈਣਗੇ। ਪੈਸੇ ਨਹੀਂ। ਇਸ 'ਤੇ ਉਸ ਨੇ ਲੋੜਵੰਦਾਂ ਲਈ ਰਾਸ਼ਨ ਦੇਣ ਦਾ ਹੀ ਫ਼ੈਸਲਾ ਕੀਤਾ ਉਸ ਨੇ ਆਪਣੇ ਫੈਨਸ ਨੂੰ ਵੀ ਲੋਕਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਲਿਖਿਆ ਹੈ ਕਿ ਸਾਨੂੰ ਇਸ ਸਮੇਂ ਇਕ-ਦੂਜੇ ਦੇ ਪ੍ਰਤੀ ਦਿਆਲੂ ਹੋਣਾ ਚਾਹੀਦਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਰਿਚਾ ਚੱਡਾ ਦੇ ਬੁਆਏ ਫ੍ਰੈਂਡ ਮਿਰਜ਼ਾਪੁਰ ਫੇਮ ਅਲੀ ਫ਼ਜ਼ਲ ਦਾ ਇਕ ਵੀਡੀਓ ਸਾਹਮਣੇ ਆਇਆ ਸੀ। ਜਿਸ 'ਚ ਉਹ ਬੈਟਮੈਨ ਦਾ ਮਾਸਕ ਪਾ ਕੇ ਲੋਕਾਂ ਦੀ ਮਦਦ ਲਈ ਨਿਕਲੇ ਸਨ। ਉਨ੍ਹਾਂ ਨੇ ਵੀ ਕੁਝ ਲੋੜਵੰਦਾਂ ਲਈ ਖਾਣੇ ਦਾ ਪ੍ਰਬੰਧ ਕੀਤਾ ਸੀ। ਸੋਨੂੰ ਸੂਦ ਹਰ ਰੋਜ਼ ਲਗਭਗ 40 ਹਜ਼ਾਰ ਲੋਕਾਂ ਤੱਕ ਖਾਣਾ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ ਇਸ ਤੋਂ ਇਲਾਵਾ ਵਰੁਣ ਧਵਨ, ਰਿਤਿਕ ਰੌਸ਼ਨ, ਸ਼ਾਹਰੁਖ ਖ਼ਾਨ ਅਤੇ ਸ਼ਾਨ ਜਿਹੀਆਂ ਫਿਲਮੀ ਹਸਤੀਆਂ ਵੀ ਇਸ ਸਮੇਂ ਲੋੜਵੰਦਾਂ ਮਦਦ ਕਰ ਰਹੀਆਂ ਹਨ।