ਬਠਿੰਡਾ : ਦੇਸ਼ 'ਚ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਪਟਨ ਸਰਕਾਰ ਉਪਰ ਸਿਆਸੀ ਹਮਲੇ ਕਰਦਿਆਂ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਉਪਰ ਰਾਸ਼ਨ ਦੀ ਵੰਡ 'ਚ ਸਿਆਸੀ ਪੱਖਪਾਤ ਕਰਨ ਤੇ ਲੋੜਵੰਦਾਂ ਤੱਕ ਸਹਾਇਤਾਂ ਪਹੁੰਚਾਉਣ ਵਿਚ ਅਸਫ਼ਲ ਰਹਿਣ ਦੇ ਦੋਸ਼ ਲਗਾਏ ਹਨ। ਸਥਾਨਕ ਸ਼ਹਿਰ ਦੇ ਬਠਿੰਡਾ-ਬਾਦਲ-ਡੱਬਵਾਲੀ ਰੋਡ ਉਪਰ ਬਣੀ ਬਾਦਲ ਪ੍ਰਵਾਰ ਦੀ ਨਿੱਜੀ ਮਲਕੀਅਤ ਵਾਲੀ ਆਰਬਿਟ ਟ੍ਰਾਂਸਪੋਰਟ ਕੰਪਨੀ ਦੀ ਵਰਕਸ਼ਾਪ 'ਚ ਡਰਾਈਵਰਾਂ ਤੇ ਕੰਢਕਟਰਾਂ ਸਹਿਤ ਕੁੱਝ ਹਲਕਿਆਂ ਤੋਂ ਪੁੱਜੇ ਚੁਣਿੰਦਾਂ ਵਰਕਰਾਂ ਨੂੰ ਨੰਨੀ ਛਾਂ ਮੁਹਿੰਮ ਤਹਿਤ ਮਾਸਕ ਤੇ ਹੋਰ ਸਮਾਨ ਵੰਡਣ ਪੁੱਜੀ ਬੀਬੀ ਬਾਦਲ ਨੇ ਇਸ ਮੌਕੇ ਮੁੜ ਇਹ ਦਾਅਵਾ ਕੀਤਾ ਗਿਆ ਕਿ '' ਕੇਂਦਰ ਵਲੋਂ ਸੂਬਾ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਲੜਣ ਲਈ ਹਸਪਤਾਲਾਂ 'ਚ ਸਾਜ਼ੋ-ਸਮਾਨ ਤੇ ਲੋੜਵੰਦਾਂ ਦਾ ਢਿੱਡ ਭਰਨ ਲਈ ਕਰੀਬ 900 ਕਰੋੜ ਰੁਪਏ ਜਾਰੀ ਕੀਤੇ ਗਏ ਹਨ। '' ਹਾਲਾਂਕਿ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਈ ਵਾਰ ਕੇਂਦਰ ਕੋਲੋ ਹਾਲੇ ਤੱਕ ਇੱਕ ਫੁੱਟੀ ਕੋਡੀ ਵੀ ਨਾ ਮਿਲਣ ਦਾ ਐਲਾਨ ਕਰ ਚੁੱਕੇ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਕਿਸਾਨ ਨਿਧੀ ਯੋਜਨਾ ਤਹਿਤ ਹਰ ਖਾਤੇ 'ਚ 2000 ਰੁਪਏ ਭੇਜਣ, ਗਰੀਬਾਂ ਲਈ ਮੁਫ਼ਤ ਸਿਲੈਡਰ ਅਤੇ ਜਨਧਨ ਖਾਤਿਆਂ 'ਚ 500-500 ਰੁਪਏ ਪਾਉਣ ਦੀ ਪ੍ਰਾਪਤੀ ਦਾ ਜਿਕਰ ਵੀ ਕੀਤਾ। ਉਨ੍ਹਾਂ ਕੈਪਟਨ ਸਰਕਾਰ 'ਤੇ ਸਿੱਧੇ ਸਿਆਸੀ ਹਮਲੇ ਕਰਦਿਆਂ ਕਿਹਾ ਗਿਆ ਕਿ '' ਪੰਜਾਬ 'ਚ ਲੋੜਵੰਦਾਂ ਤੱਕ ਖਾਣਾ ਪਹੁੰਚਾਉਣ ਦਾ ਕੰਮ ਮੁੱਖ ਤੌਰ 'ਤੇ ਗੁਰਦੁਆਰਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੁਆਰਾ ਹੀ ਕੀਤਾ ਗਿਆ ਹੈ ਜਦੋਂਕਿ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਕਿੱਟਾਂ ਸਿਰਫ਼ ਉਨਾਂ ਦੇ ਚਹੇਤਿਆਂ ਤੱਕ ਹੀ ਪੁੱਜੀਆਂ ਹਨ। '' ਕੇਂਦਰੀ ਮੰਤਰੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੋਦੀ ਸਰਕਾਰ ਵਲੋਂ ਪੰਜਾਬ ਦੀ ਕਰੀਬ ਅੱਧੀ ਆਬਾਦੀ ਲਈ ਹਰ ਮਹੀਨੇ 5 ਕਿਲੋ ਆਟਾ ਤੇ ਇੱਕ ਕਿਲੋ ਦਾਲ ਦੇਣ ਲਈ ਮੱਦਦ ਦਿੱਤੀ ਹੈ, ਜਿਸਨੂੰ ਹੁਣ ਬਿਨ੍ਹਾਂ ਪੱਖਪਾਤ ਹਰੇਕ ਦੂਜੇ ਪੰਜਾਬੀ ਤੱਕ ਪੁੱਜਦਾ ਕਰਨਾ ਸੂਬੇ ਦੀ ਕਾਂਗਰਸ ਸਰਕਾਰ ਦੀ ਮੁੱਖ ਜਿੰਮੇਵਾਰੀ ਬਣਦਾ ਹੈ। ਕੈਪਟਨ ਸਰਕਾਰ 'ਤੇ ਹਮਲੇ ਜਾਰੀ ਰੱਖਦਿਆਂ ਬੀਬੀ ਬਾਦਲ ਨੇ ਇਸਨੂੰ ਗੂੰਗੀ ਤੇ ਬੋਲੀ ਸਰਕਾਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ '' ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ 'ਚ ਇਸ ਸਰਕਾਰ ਨੇ ਲੋਕਾਂ ਤੋਂ ਸਮਾਜਿਕ ਦੂਰੀ ਬਣਾ ਲਈ ਹੈ। '' ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਖੁਦ ਲੋਕਾਂ ਤੱਕ ਪਹੁੰਚ ਕਰਨ ਤੇ ਅਫ਼ਸਰਾਂ ਵਲੋਂ ਕੀਤੇ ਜਾਣ ਵਾਲੇ ਕੰਮਾਂ ਦੀ ਫੀਡਬੈਕ ਲੈਣ ਲਈ ਹੈਲਪਲਾਈਨ ਜਾਰੀ ਕਰਨ ਲਈ ਵੀ ਕਿਹਾ। ਇਸ ਮੌਕੇ ਉਨ੍ਹਾਂ ਨਾਲ ਬਠਿੰਡਾ ਸ਼ਹਿਰੀ ਹਲਕੇ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੀ ਹਾਜ਼ਰ ਸਨ।