ਅੰਮ੍ਰਿਤਸਰ - ਫਿਟਨੈੱਸ ਲਈ ਜਾਣੀ ਜਾਂਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਆਪਣੀ ਭੈਣ ਸ਼ਮਿਤਾ ਸ਼ੈੱਟੀ ਨਾਲ ਅੰਮ੍ਰਿਤਸਰ ਪਹੁੰਚੀ ਹੈ। ਅੰਮ੍ਰਿਤਸਰ ਪਹੁੰਚ ਕੇ ਉਹ ਸਭ ਤੋਂ ਪਹਿਲਾਂ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਸ਼ਿਲਪਾ ਨੇ ਦੱਸਿਆ ਕਿ ਉਹ ਜਲਦੀ ਹੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੀ ਹੈ ਅਤੇ ਇਸ ਫ਼ਿਲਮ ਵਿਚ ਉਹ ਇੱਕ ਪੰਜਾਬਣ ਦਾ ਕਿਰਦਾਰ ਨਿਭਾਅ ਰਹੀ ਹੈ।
ਸ਼ਿਲਪਾ ਅਤੇ ਸ਼ਮਿਤਾ ਸ਼ੈੱਟੀ ਦੋਵੇਂ ਪਹਿਲਾਂ ਹਰਿਮੰਦਰ ਸਾਹਿਬ ਪਹੁੰਚੀਆਂ। ਜਿੱਥੇ ਉਨ੍ਹਾਂ ਨੇ ਪਹਿਲਾਂ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਗੁਰੂ ਘਰ ਤੋਂ ਆਪਣੇ ਅਤੇ ਆਪਣੇ ਪਰਿਵਾਰ ਲਈ ਖੁਸ਼ੀਆਂ ਮੰਗੀਆਂ। ਸ਼ਿਲਮਾ ਸ਼ੈੱਟੀ ਨੇ ਦੱਸਿਆ ਕਿ ਜਲਦ ਹੀ ਉਨ੍ਹਾਂ ਦੀ ਨਵੀਂ ਫਿਲਮ ਸੁੱਖੀ ਆਉਣ ਵਾਲੀ ਹੈ। ਜਿਸ ਵਿਚ ਉਸ ਦਾ ਬਹੁਤ ਹੀ ਵਧੀਆ ਕਿਰਦਾਰ ਹੈ। ਉਹ ਪੰਜਾਬੀ ਜੱਟੀ ਦੇ ਤੌਰ 'ਤੇ ਪਰਦੇ 'ਤੇ ਆ ਰਹੀ ਹੈ।
ਸ਼ਿਲਪਾ ਨੇ ਦੱਸਿਆ ਕਿ ਉਹ ਹਮੇਸ਼ਾ ਜਦੋਂ ਵੀ ਅੰਮ੍ਰਿਤਸਰ ਆਉਂਦੀ ਹੈ ਤਾਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੁੰਦੀ ਹੈ। ਇੱਥੋਂ ਦਾ ਵਿਸ਼ਵਾਸ ਉਨ੍ਹਾਂ ਨੂੰ ਖਿੱਚਦਾ ਹੈ। ਉਹ ਕੜਾ ਪ੍ਰਸਾਦ ਨੂੰ ਬਹੁਤ ਪਸੰਦ ਕਰਦੀ ਹੈ। ਸ਼ਿਲਪਾ ਸ਼ੈੱਟੀ ਨੇ ਦੱਸਿਆ ਕਿ ਉਹ ਮੁੰਬਈ 'ਚ ਡਾਈਟ 'ਤੇ ਧਿਆਨ ਦਿੰਦੀ ਹੈ। ਪਰ ਉਹ ਅੰਮ੍ਰਿਤਸਰ ਆ ਕੇ ਸਭ ਕੁਝ ਖਾਂਦੀ ਹੈ। ਉਹਨਾਂ ਨੇ ਅੰਮ੍ਰਿਤਸਰੀ ਕੁਲਚਾ ਅਤੇ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਵੀ ਖਾਧੀ ਜੋ ਕਿ ਮੁੰਬਈ ਵਿਚ ਨਹੀਂ ਮਿਲਦੇ।