ਬ੍ਰਿਟਿਸ਼ ਅਦਾਕਾਰਾ ਹਿਲੇਰੀ ਹੀਥ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਉਹ 74 ਸਾਲ ਦੀ ਸੀ। ਹਿਲੇਰੀ ਨੂੰ ਹਾਰਰ ਫ਼ਿਲਮ 'ਵਿਚਫਾਇੰਡਰ ਜਨਰਲ' 'ਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਹਾਲੀਵੁੱਡ ਦੇ ਰਿਪੋਰਟਰ ਅਨੁਸਾਰ ਹਿਲੇਰੀ ਦੇ ਬੇਟੇ ਅਲੈਕਸ ਵਿਲੀਅਮਜ਼ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਲੈਕਸ ਨੇ ਆਪਣੇ ਫ਼ੇਸਬੁੱਕ 'ਤੇ ਇੱਕ ਪੋਸਟ ਲਿਖ ਕੇ ਦੱਸਿਆ ਕਿ ਉਹ ਪਿਛਲੇ ਹਫ਼ਤੇ ਤੋਂ ਕੋਵਿਡ-19 ਨਾਲ ਲੜ ਰਹੀ ਸੀ।
ਦੱਸ ਦੇਈਏ ਕਿ ਹਿਲੇਰੀ ਦਾ ਜਨਮ ਇੰਗਲੈਂਡ ਦੇ ਲਿਵਰਪੂਲ ਵਿੱਚ ਹੋਇਆ ਸੀ। 1974 'ਚ ਹਿਲੇਰੀ ਨੇ ਟੈਲੇਂਟ ਏਜੰਟ ਡੰਕਨ ਹੀਥ ਨਾਲ ਵਿਆਹ ਕਰਵਾਇਆ ਸੀ। ਦੋਹਾਂ ਦਾ 1989 ਵਿੱਚ ਤਲਾਕ ਹੋ ਗਿਆ ਸੀ। 1968 'ਚ ਹਿਲੇਰੀ ਨੇ ਮਾਈਕਲ ਰੀਵਜ਼ ਦੀ ਫਿਲਮ 'ਵਿਚਫਾਇੰਡਰ ਜਨਰਲ' ਨਾਲ ਵੱਡੇ ਪਰਦੇ 'ਤੇ ਡੈਬਿਊ ਕੀਤਾ ਸੀ। ਅਦਾਕਾਰੀ ਤੋਂ ਸੰਨਿਆਸ ਲੈਣ ਤੋਂ ਬਾਅਦ ਹੀਥ ਨੇ ‘ਐਨ ਆਫੁਲੀ ਬਿਗ ਐਡਵੈਂਚਰ’ (An Awfully Big Adventure, 1995) ਅਤੇ ‘ਨੀਲ ਬਾਏ ਮਾਊਥ’ (Nil by Mouth, 1997) ਜਿਹੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਸੀ। ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 73, 758 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 8958 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 344 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ।