ਚੰਡੀਗੜ੍ਹ: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਂਚੀ ਵਿਖੇ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿਚ 35 ਕਿਲੋਮੀਟਰ ਪੈਦਲ ਤੋਰ ਵਿਚ 2.57.54 ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੀ ਅਥਲੀਟ ਮੰਜੂ ਰਾਣੀ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਤ ਕੀਤਾ।
ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿਖੇ ਇਸ ਅਥਲੀਟ ਦਾ ਸਨਮਾਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਹੋਣਹਾਰ ਖਿਡਾਰਨ ਨੇ ਕੌਮੀ ਪੱਧਰ ਉਤੇ ਪੰਜਾਬ ਦਾ ਨਾਮ ਚਮਕਾਇਆ ਹੈ। ਮਾਨਸਾ ਜ਼ਿਲੇ ਦੇ ਪਿੰਡ ਖੈਰਾ ਖੁਰਦ ਦੀ ਅਥਲੀਟ ਮੰਜੂ ਰਾਣੀ ਨੇ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ।
Sports Minister honours National Record Holder athlete Manju Rani
ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਖੇਡ ਪੱਖੀ ਮਾਹੌਲ ਸਿਰਜਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ। ਨਵੀਂ ਖੇਡ ਨੀਤੀ ਬਣਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੇ ਸਾਲ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ ਪੰਜਾਬ ਦੇ ਵੱਧ ਤੋਂ ਵੱਧ ਖਿਡਾਰੀ ਕੁਆਲੀਫਾਈ ਹੋ ਸਕਣ। ਉਨ੍ਹਾਂ ਮੰਜੂ ਰਾਣੀ ਨੂੰ ਵੀ ਓਲੰਪਿਕਸ ਕੁਆਲੀਫਾਈ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮੱਦਦ ਕਰੇਗੀ।
ਇਸ ਮੌਕੇ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਬੁੱਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਅਤੇ ਅਥਲੀਟ ਦੇ ਪਿਤਾ ਜਗਦੀਸ਼ ਰਾਮ ਤੇ ਕੋਚ ਵੀਰਪਾਲ ਕੌਰ ਵੀ ਹਾਜ਼ਰ ਸਨ।