ਟੋਕੀਓ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤ ਕੇ ਪੁਰਾਣਾ ਮਾਣ ਹਾਸਲ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਰੱਖ ਚੁੱਕੀ ਭਾਰਤੀ ਹਾਕੀ ਟੀਮ ਅੱਜ ਯਾਨੀ 13 ਜਨਵਰੀ ਨੂੰ ਸਪੇਨ ਖ਼ਿਲਾਫ਼ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਉੱਤਰੇਗੀ ਤਾਂ ਉਸ ਦਾ ਇਰਾਦਾ ਵਿਸ਼ਵ ਕੱਪ ’ਚ ਤਗ਼ਮੇ ਲਈ 48 ਸਾਲ ਦੀ ਉਡੀਕ ਖਤਮ ਕਰਨ ਦਾ ਹੋਵੇਗਾ।
ਓਲੰਪਿਕ ’ਚ ਅੱਠ ਸੋਨ ਤਗ਼ਮੇ ਜਿੱਤ ਚੁੱਕੀ ਭਾਰਤੀ ਟੀਮ ਨੇ ਇਕਲੌਤਾ ਵਿਸ਼ਵ ਕੱਪ 1975 ’ਚ ਕੁਆਲਾਲੰਪੁਰ ’ਚ ਅਜੀਤਪਾਲ ਸਿੰਘ ਦੀ ਕਪਤਾਨੀ ਵਿੱਚ ਜਿੱਤਿਆ ਸੀ। ਇਸ ਤੋਂ ਬਾਅਦ ਟੀਮ ਸੈਮੀਫਾਈਨਲ ’ਚ ਵੀ ਨਹੀਂ ਪਹੁੰਚ ਸਕੀ।
ਇਸ ਤੋਂ ਪਹਿਲਾਂ 1971 ’ਚ ਪਹਿਲੇ ਵਿਸ਼ਵ ਕੱਪ ’ਚ ਭਾਰਤ ਨੇ ਕਾਂਸੀ ਤੇ 1973 ’ਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਤੋਂ ਬਾਅਦ 1978 ਤੋਂ 2014 ਤੱਕ ਭਾਰਤ ਗਰੁੱਪ ਗੇੜ ਤੋਂ ਅੱਗੇ ਨਹੀਂ ਜਾ ਸਕਿਆ। ਪਿਛਲੀ ਵਾਰ ਵੀ ਭੁਵਨੇਸ਼ਵਰ ’ਚ ਖੇਡੇ ਗਏ ਵਿਸ਼ਵ ਕੱਪ ’ਚ ਭਾਰਤ ਕੁਆਰਟਰ ਫਾਈਨਲ ’ਚ ਨੈਦਰਲੈਂਡਜ਼ ਤੋਂ ਹਾਰ ਕੇ ਬਾਹਰ ਹੋ ਗਿਆ ਸੀ।
ਹਰਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਟੀਮ ਇਸ ਵਾਰ ਆਪਣੀ ਧਰਤੀ ’ਤੇ ਤਗ਼ਮੇ ਦੇ ਮਜ਼ਬੂਤ ਦਾਅਵੇਦਾਰਾਂ ’ਚੋਂ ਇੱਕ ਹੈ। ਆਲਮੀ ਦਰਜਾਬੰਦੀ ’ਚ ਛੇਵੇਂ ਸਥਾਨ ’ਤੇ ਕਾਬਜ਼ ਭਾਰਤ ਨੇ ਹਾਲ ਹੀ ਵਿੱਚ ਆਸਟਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਲੜੀ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ ਹਾਲਾਂਕਿ ਉਸ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਗ੍ਰਾਹਮ ਰੀਡ ਦੀ ਟੀਮ ਨੇ ਆਸਟਰੇਲੀਆ ਵਰਗੀ ਮਜ਼ਬੂਤ ਟੀਮ ਨੂੰ ਇੱਕ ਮੈਚ ’ਚ ਹਰਾ ਕੇ ਛੇ ਸਾਲ ਬਾਅਦ ਉਸ ਖ਼ਿਲਾਫ਼ ਜਿੱਤ ਦਰਜ ਕੀਤੀ ਸੀ।