ਮੁਹਾਲੀ: ਅਨਾਜ ਢੋਆ-ਢੁਆਈ ਘੁਟਾਲੇ ਵਿਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਰਿਮਾਂਡ ਖਤਮ ਹੋਣ ਮਗਰੋਂ 31 ਅਗਸਤ ਦੀ ਰਾਤ ਨੂੰ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਚ ਭੇਜ ਦਿੱਤਾ ਗਿਆ ਹੈ। ਜਦੋਂ ਕਿ ਬਿਕਰਮ ਸਿੰਘ ਮਜੀਠੀਆ ਵੀ ਇਸ ਜੇਲ੍ਹ ਵਿਚ ਬੰਦ ਸੀ, ਜੋ ਹਾਲ ਹੀ ਵਿਚ ਜ਼ਮਾਨਤ ਮਿਲਣ ਮਗਰੋਂ ਜੇਲ੍ਹ ਵਿੱਚੋਂ ਰਿਹਾਅ ਹੋਏ ਸਨ।
ਭਾਰਤ ਭੂਸ਼ਣ ਆਸ਼ੂ ਨੂੰ ਸਾਬਕਾ ਮੰਤਰੀ ਬਿਕਰਮ ਮਜੀਠੀਆ ਵਾਲੇ ਸੈੱਲ ਵਿਚ ਰੱਖਿਆ ਗਿਆ ਹੈ। ਜੌੜਾ ਚੱਕੀਆਂ ਦੇ ਨਾਂ ਨਾਲ ਜਾਣਿਆਂ ਜਾਂਦਾ ਇਹ ਸੈੱਲ ਏਰੀਏ ਪੱਖੋਂ ਦਸ ਬਾਏ ਦਸ ਫੁੱਟ ਦਾ ਹੈ। ਇਸ ਬੈਕਰ ਵਿਚ ਦੋ ਫੁੱਟ ਏਰੀਏ ’ਚ ਬਾਥਰੂਮ ਅਤੇ ਪਖ਼ਾਨੇ ਦਾ ਪ੍ਰਬੰਧ ਹੈ। ਅਸਲ ’ਚ ਛੇ ਕੁ ਸੌ ਗਜ ਏਰੀਏ ’ਚ ਅਜਿਹੇ ਦੋ ਸੈੱਲ ਹਨ, ਜਿਨ੍ਹਾਂ ’ਚੋਂ ਇੱਕ ’ਚ ਭਾਰਤ ਭੂਸ਼ਣ ਆਸ਼ੂ ਬੰਦ ਹਨ।