ਅੰਮਿ੍ਤਸਰ : ਸਬ ਇੰਸਪੈਕਟਰ ਤੇਜਿੰਦਰ ਸਿੰਘ ਦੇ ਬੇਟੇ ਤੇਜਬੀਰ ਸਿੰਘ ਉਰਫ ਤੇਜ ਸਮੇਤ ਚਾਰ ਦੋਸ਼ੀਆਂ ਨੂੰ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਬੀ ਡਵੀਜਨ ਥਾਣੇ ਦੀ ਪੁਲਿਸ ਨੇ ਗਿ੍ਫਤਾਰ ਕਰ ਲਿਆ ਹੈ। ਦੋਸ਼ੀਆਂ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਵੀਰਵਾਰ ਦੀ ਸ਼ਾਮ ਸੁਲਤਾਨਵਿੰਡ ਰੋਡ ਇਲਾਕੇ ਵਿਚ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ 'ਚੋਂ ਪਿਸਟਲ, ਮੈਗਜੀਨ, ਦਾਤਰ ਤੇ ਕਿਰਚ ਬਰਾਮਦ ਕਰਕੇ ਕੇਸ ਦਰਜ ਕੀਤੇ ਹਨ। ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਦੋਸ਼ੀਆਂ ਦੇ ਹੋਰ ਸਾਥੀਆਂ ਦੀ ਗਿ੍ਫਤਾਰੀ ਲਈ ਪੁਲਿਸ ਛਾਪਾਮਾਰੀ ਕਰ ਰਹੀ ਹੈ। ਪੁਲਿਸ ਲਾਈਨ 'ਚ ਐਤਵਾਰ ਦੀ ਸ਼ਾਮ ਪ੍ਰਰੈੱਸ ਕਾਨਫਰੰਸ ਵਿਚ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵੀਰਵਾਰ ਨੂੰ ਹੋਏ ਗੋਲੀਕਾਂਡ ਦੇ ਮੁੱਖ ਦੋਸ਼ੀ ਸੁਲਤਾਨਵਿੰਡ ਰੋਜ ਸਥਿਤ ਕੋਟ ਆਤਮਾ ਰਾਮ ਨਿਵਾਸੀ ਤੇਜਬੀਰ ਸਿੰਘ ਉਰਫ ਤੇਜ, ਡਰੰਮਾ ਵਾਲਾ ਬਾਜ਼ਾਰ ਦੇ ਉੱਤਮ ਐਵੀਨਿਉ ਵਾਸੀ ਜਸਕਰਨ ਸਿੰਘ ਉਰਫ ਭੋਲੂ, ਨਿਊ ਕੋਟ ਆਤਮਾ ਰਾਮ ਵਾਸੀ ਮਨਿੰਦਰ ਪਾਲ ਸਿੰਘ ਉਰਫ ਸ਼ੈਲਾ, ਕੋਟ ਆਤਮਾ ਰਾਮ ਵਾਸੀ ਅੰਤਰਪ੍ਰਰੀਤ ਸਿੰਘ ਉਰਫ ਅੰਤਰ ਨੂੰ ਬੀ ਡਵੀਜਨ ਥਾਣੇ ਦੀ ਪੁਲਿਸ ਨੇ ਸ਼ਨੀਵਾਰ ਦੀ ਦੇਰ ਰਾਤ ਗਿ੍ਫਤਾਰ ਕਰ ਲਿਆ ਸੀ। ਏਡੀਸੀਪੀ ਨੇ ਦੱਸਿਆ ਕਿ ਉਕਤ ਤੇਜਬੀਰ ਸਿੰਘ ਤੇ ਉਸ ਦੇ ਸਾਥੀ ਤੂਤ ਸਾਹਿਬ ਇਲਾਕੇ ਵਿਚ ਰਹਿਣ ਵਾਲੇ ਰੋਬਿਨ ਰਾਏ ਅਤੇ ਉਸ ਦੇ ਦੋਸਤ ਰਜਤ ਤੇ ਗੋਲੀਆਂ ਚਲਾ ਕੇ ਜ਼ਖ਼ਮੀ ਕਰ ਦਿੱਤਾ ਸੀ। ਰੋਬਿਨ ਤੇ ਰਜਤ ਸੁਲਤਾਨਵਿੰਡ ਰੋਡ ਇਲਾਕੇ ਵਿਚ ਵੀਰਵਾਰ ਦੀ ਸ਼ਾਮ ਆਪਣੇ ਕਿਸੇ ਦੋਸਤ ਦੀ ਦੁਕਾਨ 'ਤੇ ਮਿਲਣ ਗਏ ਸਨ। ਮੌਕਾ ਪਾ ਕੇ ਉਕਤ ਦੋਸ਼ੀ ਉੱਥੇ ਤੇਜ਼ਧਾਰ ਹਥਿਆਰਾਂ ਅਤੇ ਪਿਸਟਲਾਂ ਦੇ ਨਾਲ ਲੈਸ ਹੋ ਕੇ ਪਹੁੰਚ ਗਏ। ਮੌਕੇ 'ਤੇ ਮੌਜੂਦ ਗਵਾਹਾਂ ਨੇ ਦੱਸਿਆ ਸੀ ਕਿ ਹੱਤਿਆ ਕੋਸ਼ਿਸ਼ ਦੇ ਦੋਸ਼ੀਆਂ ਨੇ ਘਟਨਾ ਸਥਾਨ 'ਤੇ 15 ਤੋਂ ਜ਼ਿਆਦਾ ਰਾਊਂਡ ਫਾਇਰ ਕਰਕੇ ਇਲਾਕੇ ਵਿਚ ਦਹਿਸ਼ਤ ਫੈਲਾ ਦਿੱਤੀ ਸੀ।