ਨਵੀਂ ਦਿੱਲੀ: ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਡਾਇਮੰਡ ਲੀਗ 2022 ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਨੀਰਜ ਚੋਪੜਾ ਨੇ 89.08 ਮੀਟਰ ਦੇ ਆਪਣੇ ਪਹਿਲੇ ਥਰੋਅ ਨਾਲ ਲੁਸਾਨੇ ਡਾਇਮੰਡ ਲੀਗ ’ਚੋਂ ਜਿੱਤ ਹਾਸਲ ਕੀਤੀ ਹੈ।
ਇਸ ਦੇ ਨਾਲ ਹੀ ਨੀਰਜ 7-8 ਸਤੰਬਰ ਨੂੰ ਜਿਊਰਿਖ ’ਚ ਹੋਣ ਵਾਲੀ ਡਾਇਮੰਡ ਲੀਗ ਦੇ ਫਾਇਨਲ ’ਚ ਵੀ ਪਹੁੰਚ ਗਏ ਹਨ। ਹਰਿਆਣਾ ਦੇ ਪਾਣੀਪਤ ਨੇੜੇ ਪਿੰਡ ਖੰਡਰਾ ਦਾ ਰਹਿਣ ਵਾਲਾ ਨੀਰਜ ਚੋਪੜਾ ਡਾਇਮੰਡ ਲੀਗ ਦਾ ਤਾਜ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ।
ਚੋਪੜਾ ਤੋਂ ਪਹਿਲਾਂ, ਡਿਸਕਸ ਥ੍ਰੋਅਰ ਵਿਕਾਸ ਗੌੜਾ ਡਾਇਮੰਡ ਲੀਗ ਮੀਟਿੰਗ ਵਿੱਚ ਚੋਟੀ ਦੇ ਤਿੰਨ ਵਿੱਚ ਸਥਾਨ ਪ੍ਰਾਪਤ ਕਰਨ ਵਾਲਾ ਇਕਲੌਤਾ ਭਾਰਤੀ ਹੈ। ਗੌੜਾ 2012 ਵਿੱਚ ਨਿਊਯਾਰਕ ਵਿੱਚ ਦੋ ਵਾਰ ਅਤੇ 2014 ਵਿੱਚ ਦੋਹਾ ਵਿੱਚ ਦੂਜੇ ਅਤੇ 2015 ਵਿੱਚ ਦੋ ਵਾਰ ਸ਼ੰਘਾਈ ਅਤੇ ਯੂਜੀਨ ਵਿੱਚ ਸਮਾਪਤ ਹੋਇਆ ਸੀ।
ਦੱਸ ਦੇਈਏ ਕਿ ਹਾਲ ਹੀ ’ਚ ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ’ਚ ਭਾਰਤ ਨੂੰ ਚਾਂਦੀ ਦਾ ਤਮਗਾ ਦਿਵਾਇਆ ਸੀ। ਅੰਜੂ ਬੌਬੀ ਜਾਰਜ (2003) ਤੋਂ ਬਾਅਦ ਨੀਰਜ ਅਜਿਹਾ ਕਰਨ ਵਾਲੇ ਦੂਜੇ ਅਥਲੀਟ ਬਣ ਗਏ ਹਨ। ਫਾਈਨਲ ਵਿੱਚ ਨੀਰਜ ਨੇ 88.13 ਮੀਟਰ ਦੀ ਦੂਰੀ ਤੱਕ ਜੈਵਲਿਨ ਸੁੱਟ ਕੇ ਚਾਂਦੀ ਦਾ ਤਮਗਾ ਜਿੱਤਿਆ ਸੀ।