-ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਕੀਤਾ 5911 ਟ੍ਰੈਕਟਰ ਭੇਂਟ
ਰਬੜ ਦੀਆਂ ਚੱਪਲਾਂ ਤੋਂ ਬਣਾਇਆ ਹੈ 5911 ਟ੍ਰੈਕਟਰ।
ਸਿੱਧੂ ਮੂਸੇਵਾਲਾ ਦੀ ਬੇਵਕਤੀ ਮੌਤ ਤੋਂ ਬਾਦ ਸਿੱਧੂ ਨੂੰ ਚਾਹੁਣ ਵਾਲੇ ਲੋਕ ਜਿੱਥੇ ਉਹਨਾਂ ਦੇ ਸਮਾਰਕ ਤੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ, ਉੱਥੇ ਹੀ ਪਰਿਵਾਰ ਨਾਲ ਵੀ ਦੁੱਖ ਸਾਂਝਾ ਕਰਨ ਪਹੁੰਚ ਰਹੇ ਹਨ। ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਇੱਛਾ ਅਨੁਸਾਰ ਰਬੜ ਦੀਆਂ ਚੱਪਲਾਂ ਤੋਂ ਤਿਆਰ ਕੀਤਾ 5911 ਟ੍ਰੈਕਟਰ ਉਹਨਾਂ ਦੇ ਮਾਤਾ ਪਿਤਾ ਨੂੰ ਭੇਂਟ ਕੀਤਾ ਹੈ।
ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ 5911 ਟ੍ਰੈਕਟਰ ਭੇਂਟ ਕਰਨ ਤੋਂ ਬਾਅਦ ਗੁਰਮੀਤ ਸਿੰਘ ਨੇ ਦੱਸਿਆ ਕਿ ਮੈਂ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੱਜ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਚ ਆਇਆ ਹਾਂ ਅਤੇ ਇੱਥੇ ਆ ਕੇ ਮਨ ਬਹੁਤ ਦੁਖੀ ਹੈ ਕਿਉਂਕਿ ਇੰਨੀ ਵੱਡੀ ਹਵੇਲੀ ਬਣਾ ਕੇ ਸਿੱਧੂ ਮੂਸੇਵਾਲਾ ਨੂੰ ਇਥੇ ਰਹਿਣ ਦਾ ਮੌਕਾ ਹੀ ਨਹੀਂ ਮਿਲਿਆ।
ਉਨ੍ਹਾਂ ਕਿਹਾ ਕਿ ਹਰ ਐਤਵਾਰ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ ਅਤੇ ਇਹ ਬਹੁਤ ਮਾੜਾ ਹੋਇਆ ਕਿਉਂਕਿ ਪਰਿਵਾਰ ਨੂੰ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਪਹੁੰਚ ਕੇ 5911 ਟਰੈਕਟਰ ਉਨ੍ਹਾਂ ਦੇ ਮਾਤਾ ਪਿਤਾ ਨੂੰ ਸਮਰਪਿਤ ਕੀਤਾ ਹੈ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਵੀ ਟ੍ਰੈਕਟਰ ਬਣਾ ਕੇ ਦੇਈਏ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਟਰੈਕਟਰਾਂ ਦਾ ਬਹੁਤ ਸ਼ੌਕ ਸੀ।
ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਨਾਲ ਪੰਜਾਬ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕੇ ਸਿੱਧੂ ਨੂੰ ਪਿਆਰ ਕਰਨ ਵਾਲਾ ਹਰ ਇਨਸਾਨ ਇਨਸਾਫ਼ ਮੰਗਦਾ ਹੈ ਅਤੇ ਨਾਲ ਹੀ ਦੋਸ਼ੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ।