ਗੋਲੀਆਂ ਦੇ ਬਕਸੇ ਬਰਾਮਦ, ਜ਼ਿਲ੍ਹੇ 'ਚ ਹਾਈ ਅਲਰਟ
ਮੁੰਬਈ : ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ਦੇ ਕੋਲ ਸਮੁੰਦਰ ਵਿੱਚ ਇੱਕ ਸ਼ੱਕੀ ਕਿਸ਼ਤੀ ਮਿਲੀ ਹੈ। ਕਿਸ਼ਤੀ 'ਚੋਂ ਤਿੰਨ ਏ.ਕੇ.-47 ਅਤੇ ਗੋਲੀਆਂ ਮਿਲੀਆਂ ਹਨ। ਵੀਰਵਾਰ ਸਵੇਰੇ 8 ਵਜੇ ਦੇ ਕਰੀਬ ਇਕ ਸਥਾਨਕ ਮਛੇਰੇ ਨੇ ਕਿਸ਼ਤੀ ਨੂੰ ਦੇਖਿਆ ਅਤੇ Police ਨੂੰ ਸੂਚਨਾ ਦਿੱਤੀ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਰੱਸੀ ਦੀ ਮਦਦ ਨਾਲ ਕਿਸ਼ਤੀ ਨੂੰ ਖਿੱਚ ਕੇ ਕਿਨਾਰੇ 'ਤੇ ਲਿਆਂਦਾ ਅਤੇ ਜ਼ਬਤ ਕਰ ਲਿਆ। ਕਿਸ਼ਤੀ 'ਤੇ ਇਕ ਵੱਡਾ ਬਲੈਕ ਬਾਕਸ ਸੀ, ਜਿਸ ਵਿਚ ਤਿੰਨ ਏ.ਕੇ.-47 ਅਤੇ ਗੋਲੀਆਂ ਬਰਾਮਦ ਹੋਈਆਂ ਸਨ। ਗੋਲੀਆਂ ਨੀਲੇ ਅਤੇ ਲਾਲ ਰੰਗਾਂ ਦੇ ਛੋਟੇ ਬਕਸੇ ਵਿੱਚ ਰੱਖੀਆਂ ਗਈਆਂ ਸਨ। ਪੁਲਿਸ ਮੁਤਾਬਕ ਇਹ ਇਲਾਕਾ ਮੁੰਬਈ ਤੋਂ ਕਰੀਬ 190 ਕਿਲੋਮੀਟਰ ਦੂਰ ਹੈ।
ਪੁਲਿਸ ਨੇ ਦੱਸਿਆ ਕਿ ਜਿਸ ਬਾਕਸ ਵਿੱਚ ਹਥਿਆਰ ਰੱਖੇ ਗਏ ਸਨ, ਉਸ ਉੱਤੇ ਅੰਗਰੇਜ਼ੀ ਵਿੱਚ ਨੈਪਚੂਨ ਮੈਰੀਟਾਈਮ ਸਕਿਓਰਿਟੀ ਲਿਖਿਆ ਹੋਇਆ ਹੈ। ਇਹ ਕੰਪਨੀ ਯੂਕੇ ਦੀ ਦੱਸੀ ਜਾਂਦੀ ਹੈ। ਪੁਲੀਸ ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰ ਰਹੀ ਹੈ।