Saturday, November 23, 2024
 

ਪੰਜਾਬ

ਪੰਜਾਬ : ਖੱਡੇ ਰਹਿਤ ਅਤੇ ਚੌੜੀਆਂ ਲਿੰਕ ਸੜਕਾਂ ਯਕੀਨੀ ਬਣਾਈਆਂ ਜਾਣਗੀਆਂ

August 13, 2022 08:09 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਵਸਨੀਕਾਂ ਨੂੰ ਬਿਹਤਰ ਸੜਕੀ ਸੰਪਰਕ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਲੋਕ ਨਿਰਮਾਣ ਵਿਭਾਗ ਨੇ ਸੂਬੇ ਵਿੱਚ ਲਿੰਕ ਸੜਕਾਂ ਦੀ ਵਿਸ਼ੇਸ਼ ਮੁਰੰਮਤ, ਚੌੜਾ ਕਰਨ ਅਤੇ ਨਵੀਆਂ ਸੜਕਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਹੈ। ਇਸ ਨਾਲ ਪਿੰਡਾਂ ਤੋਂ ਮੰਡੀਆਂ ਤੱਕ ਖੇਤੀ ਉਪਜ ਦੀ ਆਵਾਜਾਈ ਵਿੱਚ ਸੁਧਾਰ ਹੋਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਕੁੱਲ 32890 ਕਿਲੋਮੀਟਰ ਲੰਬਾਈ ਵਾਲੀਆਂ ਲਿੰਕ ਸੜਕਾਂ ਅਤੇ 80 ਮਾਰਕੀਟ ਕਮੇਟੀਆਂ ਲੋਕ ਨਿਰਮਾਣ ਵਿਭਾਗ (ਬੀ ਐਂਡ ਆਰ) ਦੇ ਅਧਿਕਾਰ ਖੇਤਰ ਅਧੀਨ ਹਨ। ਉਨ੍ਹਾਂ ਦੱਸਿਆ ਕਿ 471.92 ਕਰੋੜ ਰੁਪਏ ਦੀ ਲਾਗਤ ਨਾਲ 3793 ਕਿਲੋਮੀਟਰ ਲਿੰਕ ਸੜਕਾਂ (ਚੌਥੇ ਪੜਾਅ ਅਧੀਨ) ਦੀ ਵਿਸ਼ੇਸ਼ ਮੁਰੰਮਤ ਦਾ ਕੰਮ ਪ੍ਰਗਤੀ ਅਧੀਨ ਹੈ ਅਤੇ 31 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਅਤੇ 542.86 ਕਰੋੜ ਰੁਪਏ ਦੀ ਲਾਗਤ ਨਾਲ 1887 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਦੀ ਉਸਾਰੀ ਅਤੇ ਸੜਕਾਂ ਨੂੰ ਚੌੜਾ ਕਰਨ ਦਾ ਚੱਲ ਰਿਹਾ ਪ੍ਰੋਜੈਕਟ 30 ਜੂਨ, 2023 ਤੱਕ ਪੂਰਾ ਹੋ ਜਾਵੇਗਾ।

ਲੋਕ ਨਿਰਮਾਣ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਲਿੰਕ ਸੜਕਾਂ ਦੀ ਸਾਲ 2022-23 ਵਿੱਚ ਹੋਣ ਵਾਲੀ ਵਿਸ਼ੇਸ਼ ਮੁਰੰਮਤ ਲਈ ਠੋਸ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਿੰਕ ਸੜਕਾਂ ਦੀ ਲੰਬਾਈ 2217.35 ਕਿਲੋਮੀਟਰ ਹੈ ਅਤੇ ਵਿਸ਼ੇਸ਼ ਮੁਰੰਮਤ 'ਤੇ 361.1 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ ਅਤੇ ਇਸ 'ਤੇ ਜਲਦੀ ਹੀ ਕੰਮ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਲੋਕ ਨਿਰਮਾਣ ਮੰਤਰੀ ਨੇ ਅੱਗੇ ਕਿਹਾ ਕਿ ਸਰਕਾਰ ਦਾ ਟੀਚਾ ਖੱਡੇ ਰਹਿਤ ਅਤੇ ਚੌੜੀਆਂ ਲਿੰਕ ਸੜਕਾਂ ਮੁਹੱਈਆ ਕਰਵਾਉਣਾ ਹੈ ਜਿਸ ਤਹਿਤ 27.5 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਨਾਲ 528 ਕਿਲੋਮੀਟਰ ਲੰਬਾਈ ਦੀਆਂ ਲਿੰਕ ਸੜਕਾਂ ਨੂੰ 10 ਤੋਂ 18 ਇੰਚ ਚੌੜਾ ਕਰਨ ਦੀ ਜ਼ਰੂਰਤ ਹੈ। ਇਸ ਸਬੰਧੀ ਪ੍ਰਸਤਾਵ ਪੰਜਾਬ ਮੰਡੀ ਬੋਰਡ ਨੂੰ ਪ੍ਰਵਾਨਗੀ ਅਤੇ ਫੰਡਾਂ ਲਈ ਭੇਜਿਆ ਜਾ ਰਿਹਾ ਹੈ।

 

Have something to say? Post your comment

Subscribe