ਨੰਗਲ : ਭਾਖੜਾ ਡੈਮ ਦੀ ਗੋਬਿੰਦ ਸਾਗਰ ਝੀਲ ’ਚ ਬਰਸਾਤ ਦੇ ਸੀਜ਼ਨ ਦੌਰਾਨ ਪਾਣੀ ਦਾ ਪੱਧਰ ਲਗਾਤਾਰ ਜਾਰੀ ਹੈ। ਐਤਵਾਰ ਭਾਖੜਾ ਡੈਮ ਦਾ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 19.71 ਫੁੱਟ ਤੋਂ ਵੱਧ ਰਿਹਾ। ਪਿਛਲੇ ਸਾਲ 31 ਜੁਲਾਈ ਨੂੰ ਇਹ ਪੱਧਰ 1608.71 ਫੁੱਟ ਦਰਜ ਕੀਤਾ ਗਿਆ। ਗੋਬਿੰਦ ਸਾਗਰ ਝੀਲ ’ਚ ਪਾਣੀ ਦਾ ਆਮਦ 48437 ਕਿਊਸਿਕ ਦਰਜ ਕੀਤੀ ਗਈ।
ਜ਼ਿਕਰਯੋਗ ਹੈ ਕਿ ਭਾਖੜਾ ਡੈਮ ਦੇ ਪਾਣੀ ਦੇ ਪੱਧਰ ਦੀ ਸਮੱਰਥਾ 1680 ਫੁੱਟ ਤਕ ਹੈ ਅਤੇ ਮੌਜੂਦਾ ਪਾਣੀ ਦਾ ਪੱਧਰ ਅਜੇ ਤਕ 71 ਫੁੱਟ ਘੱਟ ਹੈ। ਜਦੋਂ ਇਸ ਸਬੰਧੀ ਭਾਖੜਾ ਡੈਮ ਦੇ ਡਿਪਟੀ ਚੀਫ਼ ਇੰਜੀ. ਐੱਚ. ਐੱਲ. ਕੰਬੋਜ਼ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਡੈਮ ’ਚ ਪਾਣੀ ਦਾ ਪੱਧਰ ਬਹੁਤ ਚੰਗਾ ਹੈ ਅਤੇ ਅੱਗੇ ਚੱਲ ਕੇ ਵੀ ਪਾਣੀ ਦਾ ਪੱਧਰ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਪੂਰੇ ਸਾਲ ਦੀਆਂ ਲੋੜਾਂ ਪੂਰੀਆਂ ਹੋਣਗੀਆਂ। ਇਸ ਤਰ੍ਹਾਂ ਪੌਂਗ ਡੈਮ ਦਾ ਪਾਣੀ ਦਾ ਪੱਧਰ 1330.86 ਦਰਜ ਕੀਤਾ ਗਿਆ ਜਦਕਿ ਪਿਛਲੇ ਸਾਲ 31 ਜੁਲਾਈ ਦੇ ਦਿਨ 1324.19 ਸੀ। ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ 513.46 ਦਰਜ ਕੀਤਾ ਗਿਆ ਜਦਕਿ ਇਹ ਪਿਛਲੇ ਸਾਲ 31 ਜੁਲਾਈ ਦੇ ਦਿਨ 505.54 ਫੁੱਟ ਸੀ ਅਤੇ ਡੈਮ ’ਚ ਪਾਣੀ ਦੀ ਆਮਦ 23373 ਕਿਊਸਿਕ ਦਰਜ ਕੀਤੀ ਗਈ।