ਨਵੀਂ ਦਿੱਲੀ: ਭਾਰਤੀ ਸਟਾਰ ਅਥਲੀਟ ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਨੇ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਹੈ। ਡਾਇਮੰਡ ਲੀਗ ਵਿਚ ਉਹਨਾਂ ਨੇ ਆਪਣੇ ਹੀ ਪਿਛਲੇ ਰਿਕਾਰਡ ਨੂੰ ਬਿਹਤਰ ਕਰਦੇ ਹੋਏ 89.95 ਮੀਟਰ ਤੱਕ ਜੈਵਲਿਨ ਸੁੱਟਿਆ।
24 ਸਾਲਾ ਭਾਰਤੀ ਸਟਾਰ ਨੇ 89.30 ਮੀਟਰ ਤੱਕ ਜੈਵਲਿਨ ਸੁੱਟ ਕੇ ਰਿਕਾਰਡ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਰਿਕਾਰਡ ਬਣਾਉਣ ਤੋਂ ਬਾਅਦ ਵੀ ਨੀਰਜ ਨੂੰ ਚਾਂਦੀ ਦੇ ਤਮਗੇ ਨਾਲ ਹੀ ਸੰਤੁਸ਼ਟ ਹੋਣਾ ਪਿਆ।
ਓਲੰਪਿਕ 'ਚ ਸੋਨ ਤਮਗਾ ਜਿੱਤਣ ਤੋਂ ਬਾਅਦ ਨੀਰਜ ਦੀ ਤਮਗਾ ਜਿੱਤਣ ਦੀ ਜ਼ਿੱਦ ਘੱਟ ਨਹੀਂ ਹੋਈ ਸਗੋਂ ਹੋਰ ਵੀ ਵਧ ਗਈ ਹੈ। ਉਹ ਆਪਣੀ ਖੇਡ ਵਿਚ ਲਗਾਤਾਰ ਸੁਧਾਰ ਕਰ ਰਹੇ ਹਨ। ਵੀਰਵਾਰ ਨੂੰ ਡਾਇਮੰਡ ਲੀਗ 'ਚ ਇਸ ਦੀ ਖਾਸੀਅਤ ਦੇਖਣ ਨੂੰ ਮਿਲੀ ਜਦੋਂ ਉਸ ਨੇ ਪਿਛਲੇ ਮਹੀਨੇ ਪਾਵੋ ਨੂਰਮੀ ਖੇਡਾਂ 'ਚ 89.30 ਮੀਟਰ ਥਰੋਅ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ।
ਉਸ ਨੇ ਇਹ ਰਿਕਾਰਡ 15 ਜੂਨ ਨੂੰ ਬਣਾਇਆ ਸੀ ਅਤੇ ਮਹੀਨਾ ਖਤਮ ਹੋਣ ਤੋਂ ਪਹਿਲਾਂ ਉਸ ਨੇ 89.95 ਮੀਟਰ ਜੈਵਲਿਨ ਸੁੱਟ ਕੇ ਇਸ ਨੂੰ ਤੋੜ ਦਿੱਤਾ ਸੀ। ਸਵੀਡਨ ਵਿਚ ਚੱਲ ਰਹੀ ਡਾਇਮੰਡ ਲੀਗ ਵਿਚ ਪਹਿਲੀ ਹੀ ਕੋਸ਼ਿਸ਼ ਵਿਚ ਉਸ ਨੇ ਇਹ ਸਫਲਤਾ ਹਾਸਲ ਕੀਤੀ।
ਇਸ ਤੋਂ ਬਾਅਦ ਦੂਜੀ ਕੋਸ਼ਿਸ਼ 'ਚ ਉਹ ਇਹ ਦੂਰੀ ਹਾਸਲ ਨਹੀਂ ਕਰ ਸਕੇ। ਨੀਰਜ ਨੇ ਤੀਜੀ ਕੋਸ਼ਿਸ਼ ਵਿਚ 87.46 ਮੀਟਰ ਥਰੋਅ ਕੀਤਾ, ਜਦੋਂਕਿ ਐਂਡਰਸਨ ਪੀਟਰਸਨ ਨੇ ਤੀਜੀ ਕੋਸ਼ਿਸ਼ ਵਿਚ 90.31 ਮੀਟਰ ਥਰੋਅ ਕਰਕੇ ਸਿਖਰਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਚੌਥੀ ਕੋਸ਼ਿਸ਼ 'ਚ ਨੀਰਜ ਨੇ 84.77 ਮੀਟਰ ਥ੍ਰੋਅ ਕੀਤਾ ਜਦਕਿ ਐਂਡਰਸਨ ਨੇ 85.03 ਮੀਟਰ ਦੀ ਦੂਰੀ ਤੈਅ ਕੀਤੀ।
ਭਾਰਤੀ ਸਟਾਰ ਆਪਣੀ ਪੰਜਵੀਂ ਕੋਸ਼ਿਸ਼ ਵਿਚ 86.77 ਮੀਟਰ ਤੱਕ ਪਹੁੰਚਣ ਵਿਚ ਕਾਮਯਾਬ ਰਿਹਾ। ਐਂਡਰਸਨ ਨੇ ਇੱਥੇ 90.31 ਮੀਟਰ ਦੀ ਜੈਵਲਿਨ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਨੇ ਜੈਵਲਿਨ ਥਰੋਅ ਵਿਚ 89.95 ਮੀਟਰ ਦੀ ਦੂਰੀ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਜਰਮਨੀ ਲਈ ਜੂਲੀਅਨ ਵੇਬਰ ਨੇ 89.08 ਮੀਟਰ ਦੀ ਦੂਰੀ ਨਾਲ ਤੀਜਾ ਸਥਾਨ ਹਾਸਲ ਕੀਤਾ।