ਨਵੀਂ ਦਿੱਲੀ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਪਹਿਲਾ ਰਿਲੀਜ਼ ਹੋਇਆ ਗਾਣਾ SYL ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਹ ਗਾਣਾ ਤਿੰਨ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਸੀ।
ਹੁਣ ਇਸ ਦਾ ਲਿੰਕ ਖੋਲ੍ਹਣ ‘ਤੇ ਸਾਹਮਣੇ ਲਿਖਿਆ ਆਉਂਦਾ ਹੈ ਕਿ ਸਰਕਾਰ ਤੋਂ ਕਾਨੂੰਨੀ ਸ਼ਿਕਾਇਤ ਕਰਕੇ ਇਹ ਗਾਣਾ ਹਟਾਇਆ ਗਿਆ ਹੈ। ਗੀਤ ਹਟਾਏ ਜਾਣ ‘ਤੇ ਮੂਸੇਵਾਲਾ ਦੇ ਪ੍ਰਸ਼ੰਸਕ ਕਾਫੀ ਨਿਰਾਸ਼ ਹੋਏ ਹਨ। ਇਹ ਗਾਣਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ 26 ਦਿਨ ਬਾਅਦ ਉਸ ਦੇ ਅਧਿਕਾਰਕ ਅਕਾਊਂਟ ਤੋਂ ਰਿਲੀਜ਼ ਕੀਤਾ ਗਿਆ ਸੀ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦਾ ਗੀਤ “SYL” ਉਸਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਉਸਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਰਿਲੀਜ਼ ਹੋਣ ਦੇ 13 ਘੰਟਿਆਂ ਦੇ ਅੰਦਰ 10 ਮਿਲੀਅਨ ਤੋਂ ਵੱਧ ਵਿਊਜ਼ ਮਿਲ ਗਏ ਸਨ ਅਤੇ ਇਸ ਸਮੇਂ ਇਹ ਪਹਿਲੇ ਨੰਬਰ 'ਤੇ ਚੱਲ ਰਿਹਾ ਸੀ।
SYL ਮੂਸੇਵਾਲਾ ਦੁਆਰਾ ਲਿਖਿਆ ਅਤੇ ਗਾਇਆ ਗਿਆ, ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਵਾਲਾ ਪਹਿਲਾ ਗੀਤ ਹੈ। ਇਸ ਗੀਤ 'ਚ ਸਿੱਧੂ ਮੂਸੇਵਾਲਾ ਨੇ ਸਤਲੁਜ-ਯਮੁਨਾ ਲਿੰਕ “SYL” ਨਹਿਰ ਦਾ ਮੁੱਦਾ, ਦਰਿਆਈ ਪਾਣੀ 'ਤੇ ਪੰਜਾਬ ਦਾ ਹੱਕ ਅਤੇ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਵਰਗੇ ਮੁੱਦੇ ਉਠਾਏ ਹਨ।
ਦੂਜੇ ਪਾਸੇ ਗੀਤ 'ਤੇ ਹਰਿਆਣਾ ਦੇ ਕਲਾਕਾਰਾਂ ਨੇ ਨਾਰਾਜ਼ਗੀ ਜਤਾਈ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਦਾ ਪਾਣੀ ਹਰਿਆਣਾ ਨੂੰ ਨਾ ਦੇਣ ਵਾਲੇ ਸ਼ਬਦਾਂ ਦਾ ਵਿਰੋਧ ਕਰਦਿਆਂ ਹਰਿਆਣਵੀ ਕਲਾਕਾਰ ਗਜੇਂਦਰ ਫੌਗਾਟ ਨੇ ਇਸ ਦੇ ਵਿਰੋਧ ’ਚ ਨਵਾਂ ਗੀਤ ਬਣਾਉਣ ਦਾ ਐਲਾਨ ਕੀਤਾ ਹੈ।
ਹਰਿਆਣਵੀ ਗਾਇਕ ਕੁਲਬੀਰ ਦਨੋਦਾ ਨੇ ਕਿਹਾ ਕਿ ਇਹ ਗੀਤ ਮੂਸੇ ਵਾਲਾ ਦੇ ਪਰਿਵਾਰ ਤੇ ਉਸ ਦੀ ਟੀਮ ਨੂੰ ਰਿਲੀਜ਼ ਨਹੀਂ ਕਰਨਾ ਚਾਹੀਦਾ ਸੀ। ਅਜਿਹੇ ਗੀਤਾਂ ਨਾਲ ਸੂਬੇ ਦਾ ਭਾਈਚਾਰਾ ਵਿਗੜਦਾ ਹੈ। ਗਜੇਂਦਰ ਫੌਗਾਟ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇ ਵਾਲਾ ਦੇ ਫੈਨ ਹਨ ਪਰ ਉਨ੍ਹਾਂ ਦੇ ਇਸ ਗੀਤ ਨਾਲ ਉਹ ਸਹਿਮਤ ਨਹੀਂ ਹੈ।