ਫਿ਼ਰੋਜ਼ਪੁਰ : ਲੰਘੀ 10 ਮਈ ਨੂੰ ਜ਼ਿਲ੍ਹਾ ਫਿਰਜ਼ਪੁਰ ਦੇ ਪਿੰਡ ਕਟੋਰਾ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਜੀ ਦੇ ਜੋੜ ਮੇਲੇ ਦੌਰਾਨ ਕਬੱਡੀ ਦੇ ਮੈਚ ਸਣੇ ਹੋਰ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਇਕ ਹੋਰ ਨੇਕ ਕੰਮ ਕੀਤਾ ਗਿਆ। ਦਰਅਸਲ ਇਸ ਸਮਾਗਮ ਵਿਚ ਗੁਰਜੀਤ ਸਿੰਘ ਢਿੱਲੋਂ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਾਇਆ ਗਿਆ ਜਿਸ ਵਿਚ 33 ਯੂਨਿਟ ਖ਼ੂਨਦਾਨ ਕੀਤਾ ਗਿਆ। ਇਹ ਖ਼ੂਨਦਾਨ ਕੈਂਪ Live for Humanity ਦੇ ਸਹਿਯੋਗ ਨਾਲ ਲਾਇਆ ਗਿਆ।
ਇਸ ਦੌਰਾਨ ਮੁੱਖ ਤੌਰ 'ਤੇ ਚਾਰ ਟੀਮਾਂ ਕਬੱਡੀ ਦੀਆਂ ਸਨ। ਕਰਵਾਏ ਗਏ ਮੈਚ ਵਿਚ ਪਹਿਲੇ ਨੰਬਰ ਉਤੇ ਭਾਂਗਰ ਦੀ ਟੀਮ ਰਹੀ ਅਤੇ ਦੂਜੇ ਨੰਬਰ ਉਤੇ ਧਾਲੀਵਾਲ ਦੀ ਟੀਮ ਰਹੀ। ਜੇਤੂਆਂ ਨੂੰ ਪੰਜ-ਪੰਜ ਫੁਟ ਦੀਆਂ ਟ੍ਰਾਫੀਆਂ ਦਿਤੀਆਂ ਗਈਆਂ ਹਨ।
ਪਹਿਲੇ ਨੰਬਰ ਦੇ ਆਉਣ ਵਾਲੀ ਕਬੱਡੀ ਟੀਮ ਨੂੰ 19000 ਰੁਪਏ ਦੇ ਕੇ ਸਨਮਾਨਤ ਕੀਤਾ ਗਿਆ। ਇਸੇ ਤਰ੍ਹਾਂ ਦੂਜੇ ਨੰਬਰ ਉਤੇ ਆਉਣ ਵਾਲੀ ਧਾਲੀਵਾਲ ਦੀ ਟੀਮ ਨੂੰ ਸਨਮਾਨ ਵਜੋਂ 15000 ਰੁਪਏ ਦਿਤੇ ਗਏ। ਇਸ ਦੇ ਨਾਲ ਹੀ ਹਾਰਨ ਵਾਲੀ ਟੀਮ ਦਾ ਹੌਸਲਾ ਬਣਾਈ ਰਖਣ ਲਈ 2 ਦੋ ਹਜ਼ਾਰ ਦਿਤੇ ਗਏ।
ਕਬੱਡੀ ਦੇ ਮੈਚ ਮਗਰੋਂ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਪਿੰਡ ਕਟੋਰੇ ਦੀਆਂ ਦੋ ਟੀਮਾਂ ਸਨ। ਇਨ੍ਹਾਂ ਵਿਚ ਮੁਕਾਬਲਾ ਦਿਲਚਸਪ ਰਿਹਾ। ਰੱਸਾਕੱਸੀ ਦੇ ਮੁਕਾਬਲਿਆਂ ਵਿਚ ਨੌਜਵਾਨਾਂ ਤੇ ਬਜ਼ੁਰਗਾਂ ਦਾ ਭੇੜ ਕਰਵਾਇਆ ਗਿਆ ਜਿਸ ਵਿਚ ਬਜ਼ੁਰਗਾਂ ਨੇ ਗੱਭਰੂਆਂ ਨੂੰ ਚਿੱਤ ਕਰ ਦਿਤਾ।
ਬੱਚਿਆਂ ਲਈ ਵੀ ਰੱਸਾਕੱਸੀ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਜੇਤੂਆਂ ਨੂੰ ਇਨਾਮ ਵੀ ਦਿਤੇ ਗਏ।
ਇਸ ਸਾਰੇ ਮੈਚ ਦੌਰਾਨ ਕੁਮੈਂਟਰੀ ਦਾ ਕੰਮ ਨਵਦੀਪ ਸਿੰਘ ਨੇ ਸਾਂਭਿਆ। ਇਥੇ ਇਹ ਵੀ ਦਸ ਦਈਏ ਕਿ ਇਸ ਕਬੱਡੀ ਮੈਚ ਤੋਂ ਪਹਿਲਾਂ ਸ਼ਹੀਦ ਬਾਬਾ ਬੀਰ ਸਿੰਘ ਜੀ ਦੀ ਯਾਦ ਵਿਚ ਅਖੰਡ ਪਾਠ ਵੀ ਕਰਵਾਏ ਗਏ ਅਤੇ ਭੋਗ ਦੀ ਅਰਦਾਸ ਮਗਰੋਂ ਢਾਡੀ ਅਤੇ ਕਵੀਸ਼ਰੀ ਜੱਥਿਆਂ ਨੇ ਵੀ ਰੰਗ ਬੰਨ੍ਹਿਆ।
ਇਸ ਦੌਰਾਨ ਸਾਰਾ ਦਿਨ ਗੁਰੂ ਕੇ ਲੰਗਰ ਵੀ ਖੁੱਲ੍ਹੇ ਵਰਤਾਏ ਗਏ।