ਮੁਹਾਲੀ : ਪੰਜਾਬ ਵਿੱਚ ਇਸ ਵਾਰ ਬਜਟ ਟੈਕਸ ਫ੍ਰੀ ਹੋਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾਨ ਨੇ ਚੰਡੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਵਾਰ ਲੋਕਾਂ ‘ਤੇ ਸਰਾਕਰ ਕੋਈ ਨਵਾਂ ਟੈਕਸ ਨਹੀਂ ਲਗਾਏਗੀ। ਪਹਿਲਾਂ ਤੋਂ ਚੱਲ ਰਹੇ ਟੈਕਸ ਨਾਲ ਹੀ ਪੰਜਾਬ ਸਰਕਾਰ ਰੈਵੇਨਿਊ ਵਧਾਏਗੀ।
ਚੀਮਾ ਨੇ ਕਿਹਾ ਕਿ ਇਸ ਵਾਰ ਸਾਡੇ ਟੈਕਸ ਦੀ ਕਲੈਕਸ਼ਨ ਚੰਗੀ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਬਾ ਦੇ ਲੋਕਾਂ ਨੇ ਪਹਿਲੀ ਵਾਰ ਬਜਟ ਬਣਾਉਣ ਲਈ ਸੁਝਾਅ ਦਿੱਤੇ ਹਨ। 2 ਤੋਂ 10 ਮਈ ਤੱਕ ਚੱਲੇ ਪੋਰਟਲ ਤੇ ਈ-ਮੇਲ ਰਾਹੀਂ ਸਾਨੂੰ 20 ਹਜ਼ਾਰ ਤੋਂ ਵੱਧ ਸੁਝਾਅ ਮਿਲੇ ਹਨ।
500 ਤੋਂ ਵੱਧ ਮੈਮੋਰੰਡਮ ਮਿਲੇ ਹਨ। ਇਸ ਦੇ ਲਈ ਅਸੀਂ ਪੰਜਾਬ ਦੇ ਕਈ ਸ਼ਹਿਰਾਂ ਦਾ ਦੌਰਾ ਕੀਤਾ ਸੀ। 4, 055 ਔਰਤਾਂ ਨੇ ਵੀ ਬਜਟ ਲਈ ਸੁਝਾਅ ਦਿੱਤੇ ਹਨ। ਲੁਧਿਆਣਾ ਤੋਂ 10..41 ਫੀਸਦੀ ਸੁਝਾਅ ਮਿਲੇ ਹਨ। ਦੂਜੇ ਨੰਬਰ ‘ਤੇ ਪਟਿਆਲਾ ਤੇ ਤੀਜੇ ਨੰਬਰ ‘ਤੇ ਫਾਜ਼ਿਲਕਾ ਹੈ।
ਚੀਮਾ ਨੇ ਕਿਹਾ ਕਿ ਇੰਡਸਟਰੀ ਨੇ ਚੰਗੇ ਇਨਫ੍ਰਾਸਟਰੱਕਚਰ, ਬਿਜ਼ਨੈੱਸ ਫ੍ਰੈਂਡਲੀ ਇਨਵਾਇਰਮੈਂਟ, ਇੰਸਪੈਕਟਰੀ ਰਾਜ ਦੇ ਖਾਤਮਾ, ਸੀ.ਐੱਲ.ਯੂ. ਲੈਣ ਜਾਂ ਇੰਡਸਟਰੀ ਲਾਉਣ ਲਈ ਨਿਯਮਾਂ ਵਿੱਚ ਢਿੱਲ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿਹਤ ਨਾਲ ਜੁੜੇ ਕਈ ਸੁਝਾਅ ਦਿੱਤੇ ਗਏ ਹਨ।
ਨੌਜਵਾਨਾਂ ਨੇ ਸਾਨੂੰ ਨੌਕਰੀਆਂ ਦੇ ਮੌਕੇ, ਚੰਗੀ ਐਜੂਕੇਸ਼ਨ, ਈ-ਗਵਰਨੈਂਸ ਤੇ ਲਾਈਬ੍ਰੇਰੀ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਇਨਕਮ ਵਿੱਚ ਵਾਧਾ, ਖੇਤੀ ਵਿੱਚ ਟੈਕਨਾਲੋਜੀ, ਡਾਇਵਰਸਿਫਿਕੇਸ਼ਨ ਦੀ ਮੰਗ ਕੀਤੀ ਹੈ। ਖੇਤ ਮਜ਼ਦੂਰਾਂ ਨੇ ਰਹਿਣ ਲਈ ਸ਼ਹਿਰਾਂ ਵਿੱਚ ਮਕਾਨ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ਦੇ ਲਈ ਵੱਖਰੇ ਬਜਟ ਦੀ ਮੰਗ ਕੀਤੀ ਗਈ ਹੈ। ਇਸ ਤਰ੍ਹਾਂ ਦੇ ਕਾਫੀ ਸੁਝਾਅ ਮਿਲੇ ਹਨ।