ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਪਾਰਟੀ ਹਾਈ ਕਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਬਾਰੇ ਹਰੀਸ਼ ਚੌਧਰੀ ਨੇ ਇੱਕ ਚਿੱਠੀ ਹਾਈ ਕਮਾਂਡ ਨੂੰ ਭੇਜੀ ਹੈ ਅਤੇ ਲਿਖਿਆ ਹੈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਿਫਾਰਿਸ਼ 'ਤੇ ਇਹ ਚਿੱਠੀ ਭੇਜੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਚਿੱਠੀ ਵਿਚ ਨਵਜੋਤ ਸਿੰਘ ਸਿੱਧੂ 'ਤੇ ਨਵੰਬਰ ਮਹੀਨੇ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਚਲਾਉਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਅੱਗੇ ਲਿਖਿਆ ਗਿਆ ਹੈ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਵੱਖਰਾ ਧੜਾ ਬਣਾ ਕੇ ਵੱਖਰੇ ਤੌਰ ’ਤੇ ਸਰਗਰਮੀਆਂ ਕਰ ਰਹੇ ਹਨ, ਇਸ ਨਾਲ ਪਾਰਟੀ ਨੂੰ ਨੁਕਸਾਨ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੂੰ ਵਾਰ-ਵਾਰ ਰੋਕਿਆ ਗਿਆ ਪਰ ਉਹ ਪਾਰਟੀ ਵਿਰੋਧੀ ਬੋਲਣ ਤੋਂ ਗੁਰੇਜ਼ ਨਹੀਂ ਕਰ ਰਹੇ।
ਇਸ ਤੋਂ ਇਲਾਵਾ ਚਿੱਠੀ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਭੇਜੇ ਗਏ ਵਿਸਥਾਰ ਨੋਟ ਦਾ ਵੀ ਹਵਾਲਾ ਦਿਤਾ ਗਿਆ ਹੈ। ਦੱਸਿਆ ਗਿਆ ਕਿ ਪੰਜਾਬ ਕਾਂਗਰਸ ਦੀ ਮੀਟਿੰਗ ਵਿਚ ਵੀ ਨਵਜੋਤ ਸਿੱਧੂ ਆਏ ਤਾਂ ਜ਼ਰੂਰ ਪਰ ਪ੍ਰਧਾਨ ਨੂੰ ਸ਼ੁਭਕਾਮਨਾਵਾਂ ਦੇਣ ਮਗਰੋਂ ਉਸੇ ਵੇਲੇ ਹੀ ਉਥੋਂ ਚਲੇ ਗਏ ਜਦਕਿ ਬਾਕੀ ਸਾਰੇ ਆਗੂ ਉਥੇ ਮੌਜੂਦ ਸਨ ਜਿਨ੍ਹਾਂ ਨੇ ਪਾਰਟੀ ਦੀ ਇਕਜੁਟਤਾ ਦਾ ਸਬੂਤ ਦਿਤਾ ਹੈ।
ਉਨ੍ਹਾਂ ਅੱਗੇ ਲਿਖਿਆ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਤੋਂ ਉਪਰ ਨਹੀਂ ਹੋ ਸਕਦੇ ਹਨ। ਸਿੱਧੂ ਦਾ ਅਜਿਹਾ ਰਵਈਆ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਹੋਰਨਾਂ ਲਈ ਉਦਾਹਰਣ ਨਹੀਂ ਬਣਨ ਦਿਤਾ ਜਾ ਸਕਦਾ।