ਚੰਡੀਗੜ੍ਹ : ਪੰਜਾਬ 'ਚ ਸਰਕਾਰ ਬਦਲਦੇ ਹੀ ਡੀਜੇ 'ਤੇ ਸਖਤੀ ਲਾਈ ਗਈ ਹੈ। ਪੁਲਿਸ ਨੇ ਡੀਜੇ 'ਤੇ ਵਿਆਹਾਂ ਜਾਂ ਹੋਰ ਸਮਾਗਮਾਂ ਵਿਚ ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਵਜਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਸਬੰਧੀ ਏਡੀਜੀਪੀ (ਲਾਅ ਐਂਡ ਆਰਡਰ) ਨੇ ਸਾਰੇ ਪੁਲਿਸ ਕਮਿਸ਼ਨਰਾਂ (ਸੀਪੀਜ਼) ਅਤੇ ਐਸਐਸਪੀਜ਼ ਨੂੰ ਇੱਕ ਹੁਕਮ ਭੇਜਿਆ ਹੈ। ਜਿਸ 'ਚ ਉਨ੍ਹਾਂ ਨੂੰ ਆਪਣੇ ਇਲਾਕੇ 'ਚ ਡੀਜੇ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਏਡੀਜੀਪੀ ਦੇ ਹੁਕਮ ਮਿਲਦੇ ਹੀ ਇਸ ਸਬੰਧੀ ਸੂਬੇ ਦੇ ਸਮੂਹ ਐਸਐਚਓਜ਼ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਆਪਣੇ ਹੁਕਮਾਂ ਵਿੱਚ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਸਬੰਧੀ ਸਿਵਲ ਰਿੱਟ ਪਟੀਸ਼ਨ ਵਿੱਚ ਫੈਸਲਾ ਸੁਣਾਇਆ ਸੀ। ਜਿਸ ਵਿੱਚ ਹਾਈਕੋਰਟ ਨੇ ਕਿਤੇ ਵੀ ਅਸ਼ਲੀਲਤਾ, ਸ਼ਰਾਬ, ਨਸ਼ੇ, ਹਥਿਆਰ, ਗੈਂਗਸਟਰ ਕਲਚਰ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਚਲਾਉਣ ਲਈ ਕਿਹਾ ਸੀ। ਇਸ ਦੇ ਬਾਵਜੂਦ ਵੀ ਕਈ ਡੀਜੇ ਅਜਿਹੇ ਗੀਤ ਚਲਾ ਰਹੇ ਹਨ। ਜਿਸ ਨੂੰ ਤੁਰੰਤ ਰੋਕਿਆ ਜਾਵੇ।
ਚੰਡੀਗੜ੍ਹ ਦੇ ਪੰਡਿਤਰਾਓ ਨੇ ਡੀਜੀਪੀ ਨੂੰ ਕੀਤੀ ਸ਼ਿਕਾਇਤ
ਚੰਡੀਗੜ੍ਹ ਦੇ ਸਮਾਜ ਸੇਵੀ ਪੰਡਿਤਰਾਓ ਧਰਨੇਸ਼ਵਰ ਨੇ ਡੀਜੀਪੀ ਵੀਕੇ ਭਾਵਰਾ ਨੂੰ ਸ਼ਿਕਾਇਤ ਕੀਤੀ ਸੀ ਕਿ ਪੰਜਾਬ ਵਿੱਚ ਸ਼ਰਾਬ ਅਤੇ ਗੰਨ ਕਲਚਰ ਨੂੰ ਵਧਾਵਾ ਦੇਣ ਵਾਲੇ ਗੀਤ ਅੰਨ੍ਹੇਵਾਹ ਚਲਾਏ ਜਾ ਰਹੇ ਹਨ। ਇਸ ਸਬੰਧੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਜਿਸ ਤੋਂ ਬਾਅਦ ਡੀਜੀਪੀ ਨੇ ਏਡੀਜੀਪੀ ਰਾਹੀਂ ਇਹ ਹੁਕਮ ਜਾਰੀ ਕੀਤੇ ਹਨ।