ਚੰਡੀਗੜ੍ਹ : ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਸ਼ਾਂਤ ਬੈਠੇ ਸਨ ਪਰ ਅੱਜ ਉਨ੍ਹਾਂ ਵਲੋਂ ਸਾਂਝੀ ਕੀਤੀ ਇੱਕ ਤਸਵੀਰ ਨੇ ਸਿਆਸੀ ਗਲਿਆਰਿਆਂ ਵਿਚ ਚਰਚਾ ਛੇੜ ਦਿਤੀ ਹੈ।
ਦੱਸ ਦੇਈਏ ਕਿ PPCC ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਅੱਜ ਕਾਂਗਰਸ ਦੇ ਸਾਬਕਾ ਵਿਧਾਇਕਾਂ ਤੇ ਉਮੀਦਵਾਰਾਂ ਨੇ ਮੁਲਾਕਾਤ ਕੀਤੀ।
ਨਵਜੋਤ ਸਿੱਧੂ (Navjot Singh Sidhu) ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਰੇ 7 ਸਾਬਕਾ ਵਿਧਾਇਕਾਂ ਅਤੇ ਉਮੀਦਵਾਰਾਂ ਨਾਲ ਆਪਣੀ ਤਸਵੀਰ ਪੋਸਟ ਕਰਕੇ ਲਿਖਿਆ ਦੋਸਤ ਮਿਲਣ ਪਹੁੰਚੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ (Congress) ਦੀ ਹਾਰ ਅਤੇ ਨਵਜੋਤ ਸਿੱਧੂ ਨੂੰ ਪੰਜਾਬ ਦੀ ਪ੍ਰਧਾਨ ਤੋਂ ਉਲਾਂਭੇ ਕੀਤੇ ਜਾਣ ਤੋਂ ਬਾਅਦ ਇਹ ਪਹਿਲੀ ਤਸਵੀਰ ਹੈ, ਜਿਸ ਵਿਚ ਸਿੱਧੂ ਦੇ ਨਾਲ ਕਾਂਗਰਸ ਦੇ ਕਈ ਚਿਹਰੇ ਖੜ੍ਹੇ ਨਜ਼ਰ ਆਏ ਹਨ।
ਉਥੇ ਹੀ ਸਿਆਸੀ ਗਲਿਆਰਿਆਂ ਵਿਚ ਇਸ ਮੀਟਿੰਗ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ। ਯਾਦ ਰਹੇ ਕਿ ਪੰਜਾਬ ਵਿਚ ਕਾਂਗਰਸ ਦੀ ਵੱਡੀ ਹਾਰ ਦਾ ਠੀਕਰਾ ਵੀ ਨਵਜੋਤ ਸਿੱਧੂ (Navjot Singh Sidhu) ਦੇ ਸਿਰ ਭੰਨ੍ਹਿਆ ਗਿਆ ਸੀ, ਜਿਸ ਦੇ ਚੱਲਦੇ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉਨ੍ਹਾਂ ਤੋਂ ਅਸਤੀਫ਼ਾ ਤੱਕ ਲੈ ਲਿਆ।
ਪੰਜਾਬ ਵਿਚ ਵੀ ਕੋਈ ਉਨ੍ਹਾਂ ਦੀ ਬੋਲੀ ਨੂੰ ਲੈ ਕੇ ਸਵਾਲ ਚੁੱਕ ਰਿਹਾ ਹੈ ਤਾਂ ਕੋਈ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਦੀ ਲਾਲਸ ਨੂੰ ਹਾਰ ਦਾ ਕਾਰਣ ਦੱਸ ਰਿਹਾ ਹੈ।
ਹੁਣ ਜਦੋਂ ਸਿੱਧੂ ਪੂਰੀ ਤਰ੍ਹਾਂ ਇਕੱਲੇ ਪੈ ਗਏ ਸਨ ਤਾਂ ਅਜਿਹੇ ਵਿਚ ਕਾਂਗਰਸ ਦੇ 7 ਵੱਡੇ ਚਿਹਰਿਆਂ ਨੇ ਉਨ੍ਹਾਂ ਦਾ ਸਾਥ ਦੇ ਕੇ ਇਕਜੁੱਟਤਾ ਦਾ ਸਬੂਤ ਦਿੱਤਾ ਹੈ।
ਅੱਜ ਜਿਹੜੇ ਆਗੂ ਉਨ੍ਹਾਂ ਨੂੰ ਮਿਲਣ ਪਹੁੰਚੇ ਸਨ ਉਨ੍ਹਾਂ ਵਿਚ ਸਾਬਕਾ ਵਿਧਾਇਕ ਸੁਨੀਲ ਦੱਤੀ, ਬਟਾਾਲ ਤੋਂ ਅਸ਼ਵਨੀ ਸੇਖੜੀ, ਸੁਰਜੀਤ ਧੀਮਾਨ ਅਤੇ ਮਜੀਠਾ ਤੋਂ ਜੱਗਾ ਮਜੀਠੀਆ ਅਤੇ ਇਨ੍ਹਾਂ ਇਲਾਵਾ ਤਿੰਨ ਹੋਰ ਸਾਬਕਾ ਵਿਧਾਇਕ ਅਤੇ ਉਮੀਦਵਾਰ ਸ਼ਾਮਲ ਹਨ।