ਨਵੀਂ ਦਿੱਲੀ: ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਪਾਰਟੀ 'ਚ ਚੱਲ ਰਹੀ ਖਿੱਚੋਤਾਣ ਵਿਚਾਲੇ ਪੀ ਚਿਦੰਬਰਮ ਖੁੱਲ੍ਹ ਕੇ ਗਾਂਧੀ ਪਰਿਵਾਰ ਦੇ ਸਮਰਥਨ 'ਚ ਆਏ ਹਨ।
ਕਾਂਗਰਸ ਦੇ ਸੀਨੀਅਰ ਆਗੂ ਚਿਦੰਬਰਮ ਨੇ ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਹਾਰ ਲਈ ਸਿਰਫ਼ ਗਾਂਧੀ ਪਰਿਵਾਰ ਜ਼ਿੰਮੇਵਾਰ ਨਹੀਂ ਹੈ।
ਉਹਨਾਂ ਕਿਹਾ, "ਪਾਰਟੀ ਦੀ ਹਾਲੀਆ ਚੋਣ ਵਿਚ ਹਾਰ ਲਈ ਇਕੱਲੇ ਗਾਂਧੀ ਪਰਿਵਾਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।" ਉਹਨਾਂ ਨੇ ਜੀ-23 ਯਾਨੀ ਕਾਂਗਰਸ ਦੇ ਅਸੰਤੁਸ਼ਟ ਨੇਤਾਵਾਂ ਨੂੰ ਪਾਰਟੀ ਨੂੰ ਨਾ ਵੰਡਣ ਦੀ ਅਪੀਲ ਵੀ ਕੀਤੀ।
ਚਿਦੰਬਰਮ ਨੇ ਕਿਹਾ, "ਗਾਂਧੀ ਪਰਿਵਾਰ ਨੇ (ਹਾਰ ਦੀ) ਜ਼ਿੰਮੇਵਾਰੀ ਕਬੂਲ ਕੀਤੀ, ਜਿਵੇਂ ਮੈਂ ਗੋਆ ਅਤੇ ਹੋਰ ਸੂਬਿਆਂ ਵਿਚ ਹਾਰ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ।"
ਉਹਨਾਂ ਕਿਹਾ, “ਕੋਈ ਵੀ ਜ਼ਿੰਮੇਵਾਰੀ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹੈ ਪਰ ਲੀਡਰਸ਼ਿਪ ਸਥਿਤੀ ਵਿਚ ਹਰੇਕ ਦੀ ਜ਼ਿੰਮੇਵਾਰੀ ਹੁੰਦੀ ਹੈ, ਬਲਾਕ, ਜ਼ਿਲ੍ਹਾ, ਰਾਜ ਅਤੇ ਏ.ਆਈ.ਸੀ.ਸੀ. ਪੱਧਰ ਤੱਕ। ਇਹ ਕਹਿਣਾ ਸਹੀ ਨਹੀਂ ਹੈ ਕਿ (ਹਾਰ ਲਈ) ਏਆਈਸੀਸੀ ਦੀ ਲੀਡਰਸ਼ਿਪ ਜ਼ਿੰਮੇਵਾਰ ਹੈ”।