ਜਲੰਧਰ : ਪੱਛਮੀ ਚੱਕਰਵਾਤਾਂ ਕਾਰਨ ਹੋਈ ਵਰਖਾ ਨਾਲ ਅਚਾਨਕ ਸਰਦੀ ਨੇ ਜ਼ੋਰ ਫੜ ਲਿਆ, ਜਿਸ ਕਾਰਨ ਬੀਤੇ ਦਿਨ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦਕਿ ਵੱਧ ਤੋਂ ਵੱਧ ਤਾਪਮਾਨ 12 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਅਗਲੇ 72 ਘੰਟਿਆਂ ਤਕ ਆਸਮਾਨ 'ਚ ਧੁੰਦ ਵਧਣ ਅਤੇ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਡਿਗਣ ਦੀ ਸੰਭਾਵਨਾ ਹੈ। ਧੁੱਪ ਨਾ ਨਿਕਲਣ ਕਾਰਨ ਅਤੇ ਪਹਾੜੀ ਖੇਤਰਾਂ 'ਚ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ ਸੀਤ ਲਹਿਰ ਦੀ ਲਪੇਟ 'ਚ ਆ ਗਿਆ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ 20 ਦਸੰਬਰ ਨੂੰ ਆਸਮਾਨ 'ਚ ਬੱਦਲ ਛਾਉਣ ਅਤੇ 21-22 ਦਸੰਬਰ ਨੂੰ ਗਰਜ-ਚਮਕ ਨਾਲ ਵਰਖਾ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਦੌਰਾਨ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ 'ਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਉਤਾਰ-ਚੜ੍ਹਾਅ ਆ ਸਕਦਾ ਹੈ। 22 ਦਸੰਬਰ ਤੱਕ ਘੱਟ ਤੋਂ ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਦੇਰ ਰਾਤ ਅਤੇ ਸਵੇਰ ਦੇ ਸਮੇਂ ਧੁੰਦ ਛਾਉਣ ਅਤੇ ਸੀਤ ਲਹਿਰ ਕਾਰਨ ਛੋਟੇ ਸਕੂਲੀ ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵਰਖਾ ਦੀ ਸ਼ੰਕਾ ਕਾਰਨ ਸਕੂਲਾਂ 'ਚ ਘੱਟ ਬੱਚੇ ਪਹੁੰਚੇ। ਸਕੂਲ ਬੱਸਾਂ ਅਤੇ ਆਟੋਜ਼ 'ਚ ਸਵਾਰ ਬੱਚੇ ਵੀ ਸੀਤ ਲਹਿਰ ਤੋਂ ਪ੍ਰੇਸ਼ਾਨ ਰਹੇ। ਧੁੰਦ ਕਾਰਨ ਦੁੱਧ, ਬ੍ਰੈੱਡ, ਹੋਰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਅਤੇ ਅਖਬਾਰ ਵੰਡਣ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ।