ਸ੍ਰੀ ਗੋਇੰਦਵਾਲ ਸਾਹਿਬ : ਥਾਣਾ ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਤੁੜ ਵਿੱਚ ਇੱਕ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਬਾਹਰੀ ਜ਼ਿਲ੍ਹੇ ਤੋਂ ਆਏ ਵਿਅਕਤੀਆਂ ਵੱਲੋਂ ਲਾਊਡ ਸਪੀਕਰ ਲਾ ਕੇ ਕੁੱਤਿਆਂ ਦੀਆਂ ਲੜਾਈਆਂ ਕਰਵਾਉਣ ਦਾ ਸੱਦਾ ਦਿੱਤਾ ਜਾ ਰਿਹਾ ਸੀ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤੁੜ ’ਚ ਟੈਂਟ ਤੇ ਲਾਊਡ ਸਪੀਕਰ ਲਾ ਕੇ ਕੁਝ ਵਿਅਕਤੀ ਕੁੱਤਿਆਂ ਦੀ ਲੜਾਈ ਕਰਵਾਉਣ ਦਾ ਸੱਦਾ ਦੇ ਰਹੇ ਸੀ। ਸਪੀਕਰ ਲਾ ਕੇ ਕਿਹਾ ਜਾ ਰਿਹਾ ਸੀ ਜਿਸ ਮਾਲਕ ਦਾ ਕੁੱਤਾ ਇਸ ਲੜਾਈ ’ਚ ਜਿੱਤੇਗਾ ਉਸ ਨੂੰ ਨਗਦ ਇਨਾਮ ਦੇਣ ਦੇ ਨਾਲ ਜੇਤੂ ਟਰਾਫੀ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਜਦੋਂ ਪੁਲੀਸ ਨੂੰ ਭਿਣਕ ਪਈ ਤਾਂ ਪੁਲੀਸ ਨੇ ਮੌਕੇ ’ਤੇ ਜਾ ਕੇ ਦੋ ਵਿਅਕਤੀਆਂ ਨੂੰ ਲੜਾਕੂ ਕੁੱਤਿਆ ਸਣੇ ਕਾਬੂ ਕਰ ਲਿਆ ਜਿਨ੍ਹਾਂ ਖ਼ਿਲਾਫ਼ ਐਕਟ 1960 ਤਹਿਤ ਜਾਨਵਰਾਂ ਨੂੰ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ ਤੇ ਅੱਤਿਆਚਾਰ ਕਰਨ ਸਬੰਧੀ ਧਾਰਾਵਾਂ ਦਾ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਫੜੇ ਬਿਕਰਮਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਅਤੇ ਅੰਮ੍ਰਿਤ ਸਿੰਘ ਪੁੱਤਰ ਕੁਲਦੀਪ ਸਿੰਘ ਦੋਵੇਂ ਵਾਸੀ ਅੰਮ੍ਰਿਤਸਰ ਨੂੰ ਬਣਦੀਆਂ ਧਾਰਾਵਾਂ ਤਹਿਤ ਮੌਕੇ ’ਤੇ ਜ਼ਮਾਨਤ ਮਿਲ ਗਈ ਹੈ।