ਬ੍ਰਿਟੇਨ : ਬ੍ਰਿਟੇਨ ਅਤੇ ਆਇਰਲੈਂਡ ਸਾਲ 2030 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਸਾਂਝੇ ਤੌਰ 'ਤੇ ਦਾਅਵੇਦਾਰੀ ਪੇਸ਼ ਕਰਨਗੇ। ਸਥਾਨਕ ਫੁੱਟਬਾਲ ਅਧਿਕਾਰੀਆਂ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਸਰਕਾਰ ਦਾ ਸਮਰਥਨ ਰਿਹਾ ਤਾਂ ਆਇਰਲੈਂਡ ਅਤੇ ਬ੍ਰਿਟੇਨ ਦੋਵੇਂ ਫੁੱਟਬਾਲ ਸੰਘ ਮਿਲ ਕੇ 2030 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਸਾਂਝੀ ਦਾਅਵੇਦਾਰੀ ਪੇਸ਼ ਕਰਨਗੇ। ਮੀਡੀਆ ਰਿਪੋਰਟ ਮੁਤਾਬਕ ਸਾਂਝੇ ਤੌਰ 'ਤੇ ਮੇਜ਼ਬਾਨੀ ਦੀ ਹਾਲਤ 'ਚ ਮੈਚ ਇੰਗਲਿਸ਼ ਸ਼ਹਿਰਾਂ ਦੇ ਨਾਲ ਕਾਡਿਰਫ, ਗਲਾਸਗੋ ਅਤੇ ਡਬਲਿਨ 'ਚ ਆਯੋਜਿਤ ਕੀਤੇ ਜਾਣਗੇ।
ਫਰਵਰੀ 'ਚ ਚਿਲੀ ਨੇ ਐਲਾਨ ਕੀਤਾ ਸੀ ਕਿ ਉਹ ਅਰਜਨਟੀਨਾ, ਉਰੂਗਵੇ ਅਤੇ ਪੈਰਾਗਵੇ ਦੇ ਨਾਲ ਮਿਲ ਕੇ ਸਾਂਝੇ ਤੌਰ 'ਤੇ ਮੇਜ਼ਬਾਨੀ ਲਈ ਦਾਅਵੇਦਾਰੀ ਪੇਸ਼ ਕਰੇਗਾ। ਸਤੰਬਰ 'ਚ ਇਕਵਾਡੋਰ ਨੇ ਪੇਰੂ ਅਤੇ ਕੋਲੰਬੀਆ ਨਾਲ ਵੀ ਸਾਂਝੇ ਤੌਰ 'ਤੇ ਮੇਜ਼ਬਾਨੀ ਦੀ ਦਾਅਵੇਦਾਰੀ ਲਈ ਸੁਝਾਅ ਦਿੱਤਾ ਸੀ। ਨਵੰਬਰ 'ਚ ਸਪੇਨ ਅਤੇ ਪੁਰਤਗਾਲ ਨੇ ਵੀ ਮੋਰੱਕੋ ਦੇ ਨਾਲ ਮਿਲ ਕੇ ਸਾਂਝੇ ਤੌਰ 'ਤੇ ਮੇਜ਼ਬਾਨੀ 'ਤੇ ਵਿਚਾਰ ਲਈ ਕਿਹਾ ਸੀ। ਸਾਲ 2022 'ਚ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ ਸਾਲ 2024 'ਚ ਮੇਜ਼ਬਾਨੀ ਦੇ ਜੇਤੂ ਰਾਸ਼ਟਰ ਦਾ ਐਲਾਨ ਕੀਤਾ ਜਾਵੇਗਾ, ਜਦਕਿ 2026 ਵਿਸ਼ਵ ਕੱਪ ਸੈਸ਼ਨ ਦੀ ਮੇਜ਼ਬਾਨੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਸਾਂਝੇ ਰੂਪ 'ਚ ਕਰਨਗੇ।