ਸਿ਼ਮਲਾ : ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਪੀਐੱਸ ਅਧਿਕਾਰੀ ਅਰਵਿੰਦ ਦਿਗਵਿਜੇ ਨੇਗੀ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਗੁਪਤ ਸੂਚਨਾ ਲੀਕ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਨੇਗੀ ਇਸ ਤੋਂ ਪਹਿਲਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ 'ਚ ਹੀ ਐੱਸ.ਪੀ. ਤੈਨਾਤ ਸਨ ਜਿੱਥੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਬਾਅਦ ਉਸ ਨੂੰ ਵਾਪਸ ਆਪਣੇ ਕੇਡਰ ਵਿੱਚ ਭੇਜ ਦਿੱਤਾ ਗਿਆ ਸੀ।
ਐੱਨਆਈਏ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਨੇ 6 ਨਵੰਬਰ 2021 ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸਮਰਥਨ ਕਰਨ ਵਾਲੇ ਓਵਰਗਰਾਉਂਡ ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ 'ਚ ਦੋਸ਼ ਲਗਾਇਆ ਗਿਆ ਸੀ ਕਿ ਇਹ ਓਵਰ ਗਰਾਊਂਡ ਵਰਕਰ ਅੱਤਵਾਦੀ ਸੰਗਠਨਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ, ਜਿਸ ਕਾਰਨ ਅੱਤਵਾਦੀ ਕਈ ਵਾਰ ਆਪਣੇ ਨਾਪਾਕ ਇਰਾਦਿਆਂ 'ਚ ਕਾਮਯਾਬ ਵੀ ਹੋ ਰਹੇ ਹਨ। ਇਸ ਮਾਮਲੇ ਦੀ ਜਾਂਚ ਦੌਰਾਨ ਕੌਮੀ ਜਾਂਚ ਏਜੰਸੀ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ, ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਪੀਐਸ ਅਧਿਕਾਰੀ ਅਰਵਿੰਦ ਦਿਗਵਿਜੇ ਨੇਗੀ ਉਸ ਸਮੇਂ ਏਜੰਸੀ ਵਿੱਚ ਐਸਪੀ ਵਜੋਂ ਤਾਇਨਾਤ ਸਨ।
ਦੋਸ਼ ਹੈ ਕਿ ਇਸ ਮਾਮਲੇ ਨਾਲ ਜੁੜੀਆਂ ਕਈ ਅਹਿਮ ਸੂਚਨਾਵਾਂ ਇਨ੍ਹਾਂ ਓਵਰਗਰਾਊਂਡ ਵਰਕਰਾਂ ਰਾਹੀਂ ਅੱਤਵਾਦੀ ਸੰਗਠਨ ਤੱਕ ਪਹੁੰਚੀਆਂ। ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਕਿ ਇਹ ਸੂਚਨਾ ਅੱਤਵਾਦੀ ਸੰਗਠਨ ਤੱਕ ਕਿਵੇਂ ਪਹੁੰਚੀ। ਐਨਆਈਏ ਅਧਿਕਾਰੀ ਮੁਤਾਬਕ ਇਸ ਮਾਮਲੇ ਵਿੱਚ ਸ਼ੱਕ ਦੀ ਸੂਈ ਆਈਪੀਐਸ ਅਧਿਕਾਰੀ ਅਰਵਿੰਦ ਦਿਗਵਿਜੇ ਨੇਗੀ ਵੱਲ ਵਧੀ, ਉਦੋਂ ਤੱਕ ਨੇਗੀ ਨੂੰ ਏਜੰਸੀ ਤੋਂ ਉਸ ਦੇ ਪੇਰੈਂਟ ਕੇਡਰ ਹਿਮਾਚਲ ਪ੍ਰਦੇਸ਼ ਵਿੱਚ ਭੇਜ ਦਿੱਤਾ ਗਿਆ ਸੀ, ਜਿੱਥੇ ਨੇਗੀ ਐਸਪੀ ਸ਼ਿਮਲਾ ਵਜੋਂ ਤਾਇਨਾਤ ਸਨ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਨੇਗੀ ਦੇ ਟਿਕਾਣੇ 'ਤੇ ਛਾਪਾ ਮਾਰਿਆ ਅਤੇ ਉਸ ਦੇ ਟਿਕਾਣੇ ਤੋਂ ਮਾਮਲੇ ਨਾਲ ਜੁੜੇ ਕਈ ਗੁਪਤ ਦਸਤਾਵੇਜ਼ ਮਿਲੇ, ਜਿਸ ਤੋਂ ਬਾਅਦ ਨੇਗੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਤੱਕ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਨੇਗੀ ਦੇ ਜ਼ਰੀਏ ਕਈ ਸੂਚਨਾਵਾਂ ਓਵਰਗ੍ਰਾਊਂਡ ਵਰਕਰ ਅਤੇ ਫਿਰ ਅੱਤਵਾਦੀ ਸੰਗਠਨ ਤੱਕ ਪਹੁੰਚੀਆਂ ਸਨ।