ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਏਅਰ ਇੰਡੀਆ ਕੰਪਨੀ ਦੀ ਪਹਿਲੀ ਫਲਾਈਟ ਨੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਲੰਡਨ ਲਈ ਤੜਕੇ ਸਵੇਰੇ 3.10 ਵਜੇ ਪਹਿਲੀ ਉਡਾਣ ਭਰੀ। ਇਸ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਸ 'ਤੇ ਇਕ ਓਂਕਾਰ 'ੴ ਦਾ ਧਾਰਮਿਕ ਚਿੰਨ ਬਣਿਆ ਹੋਇਆ ਹੈ, ਜਿਸ ਨੇ ਸਿੱਖ ਕੌਮ ਨੂੰ ਵੱਖਰੀ ਪਛਾਣ ਦਿੱਤੀ ਹੈ।ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਮੌਜੂਦ ਰਹੇ ਅਤੇ ਹਵਾਈ ਯਾਤਰਾ ਨੂੰ ਰਵਾਨਾ ਕੀਤਾ। ਭਾਜਪਾ ਨੇਤਾ ਸੋਮ ਪ੍ਰਕਾਸ਼ ਅਤੇ ਸ਼ਵੇਤ ਮਲਿਕ ਨੇ ਇਸ ਫਲਾਈਟ ਦੇ ਲਈ ਮੋਦੀ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਧਾਰਮਿਕ ਚਿੰਨ ਲਾ ਕੇ ਏਅਰ ਇੰਡੀਆ ਨੇ ਇਕ ਚੰਗਾ ਕੰਮ ਕੀਤਾ ਹੈ। ਇਸ ਮੌਕੇ ਕ੍ਰਿਕਟਰ ਹਰਭਜਨ ਸਿੰਘ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਇਸ ਫਲਾਈਟ ਰਾਹੀਂ ਲੋਕ ਸਿੱਧਾ ਲੰਡਨ ਨਾਲ ਜੁੜ ਸਕਣਗੇ। ਇਸ ਜਹਾਜ਼ 'ਤੇ ਅੰਗਰੇਜ਼ੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ 550 ਸਾਲਾ ਪ੍ਰਕਾਸ਼ ਉਤਸਵ ਵੀ ਲਿਖਿਆ ਗਿਆ ਹੈ। 31 ਅਕਤੂਬਰ ਨੂੰ ਸ਼ੁਰੂ ਹੋਈ ਇਹ ਫਲਾਈਟ ਅੰਮ੍ਰਿਤਸਰ-ਲੰਡਨ ਵਿਚਕਾਰ ਹਫਤੇ 'ਚ 3 ਦਿਨ ਸੋਮਵਾਰ, ਵੀਰਵਾਰ ਤੇ ਸ਼ਨੀਵਾਰ ਨੂੰ ਉਡਾਣਾਂ ਭਰੇਗੀ। ਇਸ ਫਲਾਈਟ 'ਚ ਏਅਰ ਇੰਡੀਆ ਮੁਸਾਫਰਾਂ ਨੂੰ ਪੰਜਾਬੀ ਖਾਣਾ ਪਰੋਸੇਗੀ। ਸਰਕਾਰੀ ਜਹਾਜ਼ ਕੰਪਨੀ ਦੀ ਲੰਡਨ ਤੇ ਅੰਮ੍ਰਿਤਸਰ ਦਰਮਿਆਨ ਇਹ ਇਕਲੌਤੀ ਸਿੱਧੀ ਫਲਾਈਟ ਹੈ। ਇਸ ਤੋਂ ਪਹਿਲਾਂ ਏਅਰ ਇੰਡੀਆ ਅੰਮ੍ਰਿਤਸਰ-ਬਰਮਿੰਘਮ ਵਿਚਕਾਰ ਹਫਤੇ 'ਚ 3 ਦਿਨ ਉਡਾਣਾਂ ਚਲਾ ਰਹੀ ਹੈ।