ਵਾਸ਼ਿੰਗਟਨ— ਅਮਰੀਕਾ 'ਚ ਸਾਲ 2014 ਤੋਂ ਬਾਅਦ 7 ਹਜ਼ਾਰ ਔਰਤਾਂ ਸਣੇ 22 ਹਜ਼ਾਰ ਤੋਂ ਜ਼ਿਆਦਾ ਭਾਰਤੀਆਂ ਨੇ ਪਨਾਹ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਇਕ ਨਵੇਂ ਅਧਿਕਾਰਿਤ ਅੰਕੜੇ 'ਚ ਸਾਹਮਣੇ ਆਈ ਹੈ। 'ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ' ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਹਲ ਨੇ ਕਿਹਾ ਕਿ ਭਾਰਤੀਆਂ ਵਲੋਂ ਅਮਰੀਕਾ 'ਚ ਸ਼ਰਣ ਮੰਗੇ ਜਾਣ ਦੇ ਕਾਰਨ ਭਾਰਤ 'ਚ ਬੇਰੁਜ਼ਗਾਰੀ ਜਾਂ ਪੱਖਪਾਕ ਜਾਂ ਦੋਵੇਂ ਹੋ ਸਕਦੇ ਹਨ। ਐੱਨ.ਏ.ਪੀ.ਏ. ਨੂੰ ਸੂਚਨਾ ਦੀ ਸੁਤੰਤਰਤਾ ਕਾਨੂੰਨ ਦੇ ਤਹਿਤ 'ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਸ ਨੈਸ਼ਨਲ ਰਿਕਾਰਡ ਸੈਂਟਰ' ਤੋਂ ਪ੍ਰਾਪਤ ਸੂਚਨਾ ਦੇ ਮੁਤਾਬਕ ਸਾਲ 2014 ਤੋਂ ਬਾਅਦ 22, 371 ਭਾਰਤੀਆਂ ਨੇ ਅਮਰੀਕਾ 'ਚ ਸ਼ਰਣ ਮੰਗੀ ਹੈ। ਚਹਲ ਨੇ ਕਿਹਾ ਕਿ ਇਹ ਅੰਕੜੇ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਣ ਮੰਗਣ ਵਾਲੇ ਕੁੱਲ ਭਾਰਤੀਆਂ 'ਚ 15, 436 ਪੁਰਸ਼ ਤੇ 6, 935 ਮਹਿਲਾਵਾਂ ਸ਼ਾਮਲ ਹਨ। ਸ਼ਰਣ ਚਾਹੁਣ ਵਾਲਿਆਂ ਦੇ ਵਿਚਾਲੇ ਕੰਮ ਕਰਨ ਵਾਲੇ ਸਿੰਘ ਨੇ ਕਿਹਾ ਕਿ ਅਮਰੀਕਾ 'ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਦੇ ਲਈ ਸ਼ਰਣ ਮੰਗਣ ਦੀ ਪ੍ਰਕਿਰਿਆ ਉਨ੍ਹਾਂ ਦੀਆਂ ਦਿੱਕਤਾਂ ਨੂੰ ਹੋਰ ਵਧਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ 'ਚ ਦਾਖਲ ਹੋਣ ਤੋਂ ਬਾਅਦ ਇਨ੍ਹਾਂ ਤੋਂ ਬਹੁਤੇ ਲੋਕ ਨਿੱਜੀ ਅਟਾਰਨੀ ਦੀਆਂ ਸੇਵਾਵਾਂ ਲੈਂਦੇ ਹਨ, ਜੋ ਅਜਿਹੀ ਫੀਸ ਦੀ ਮੰਗ ਕਰਦੇ ਹਨ ਜੋ ਕਿ ਉਨ੍ਹਾਂ ਦੇ ਭੁਗਤਾਨ ਦੀ ਸਮਰਥਾ ਤੋਂ ਪਰੇ ਹੁੰਦੀ ਹੈ। ਇਸ ਤੋਂ ਇਲਾਵਾ ਅਜਿਹੇ ਲੋਕ, ਜਿਨ੍ਹਾਂ ਨੂੰ ਵਕੀਲ ਮਿਲ ਵੀ ਜਾਂਦਾ ਹੈ ਉਨ੍ਹਾਂ ਲਈ ਪ੍ਰਕਿਰਿਆ ਤਣਾਅ ਭਰੀ ਹੋ ਸਕਦੀ ਹੈ ਕਿਉਂਕਿ ਅਪਲਾਈ ਕਰਨ ਤੋਂ ਕਈ ਮਹੀਨੇ ਬਾਅਦ ਤੱਕ ਉਹ ਕੰਮ ਕਰਨ ਲਈ ਪਰਮਿਟ ਹਾਸਲ ਨਹੀਂ ਕਰ ਪਾਉਂਦੇ। ਸਿੰਘ ਨੇ ਕਿਹਾ ਕਿ ਇਸ ਲਈ ਜੋ ਭਾਰਤੀ ਅਮਰੀਕਾ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਦੇਸ਼ 'ਚ ਕਾਨੂੰਨੀ ਤਰੀਕੇ ਨਾਲ ਦਾਖਲ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਮੁਸ਼ਕਿਲਾਂ ਤੋਂ ਬਚ ਸਕਣ। ਇਸ ਮਹੀਨੇ ਦੇ ਸ਼ੁਰੂ 'ਚ ਮੈਕਸਿਕੋ ਨੇ 311 ਭਾਰਤੀਆਂ ਨੂੰ ਅਮਰੀਕਾ 'ਚ ਦਾਖਲ ਹੋਣ ਲਈ ਗਲਤ ਤਰੀਕੇ ਦੀ ਵਰਤੋਂ ਕਰਨ ਲਈ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ।