ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਕਾਲਕਾ ਨੂੰ ਚੋਣ ਪ੍ਰਕਿਰਿਆ ਦੌਰਾਨ ਭਖਦੇ ਦ੍ਰਿਸ਼ਾਂ ਅਤੇ ਵਿਵਾਦਾਂ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬੀਤੀ ਅੱਧੀ ਰਾਤ ਨੂੰ ਪ੍ਰਬੰਧਕੀ ਕਮੇਟੀ ਅਤੇ ਕਾਰਜਕਾਰਨੀ ਦੀ ਚੋਣ ਦੀ ਪ੍ਰਕਿਰਿਆ ਚੱਲੀ।
ਕਾਲਕਾ ਦੇ ਹੱਕ ਵਿੱਚ 28 ਵੋਟਾਂ ਪਈਆਂ, ਜਦਕਿ ਜਸਬੀਰ ਸਿੰਘ ਜੱਸੀ ਦੀ ਵੋਟ ਸੀਲਬੰਦ ਲਿਫਾਫੇ ਵਿੱਚ ‘ਰਾਖਵੀਂ’ ਰੱਖੀ ਗਈ ਕਿਉਂਕਿ ਉਨ੍ਹਾਂ ਨੇ ਪੰਜਾਬੀ ਭਾਸ਼ਾ ਵਿੱਚ ਆਪਣੀ ਮੁਹਾਰਤ ਦਾ ਸਬੂਤ ਨਹੀਂ ਦਿੱਤਾ ਸੀ। ਇਸ ਮੌਕੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਬਾਕੀ ਮੈਂਬਰਾਂ ਦੇ ਨਾਲ ਨਾਲ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਚੋਣ ਦਾ ਬਾਈਕਾਟ ਕੀਤਾ।
ਦਰਅਸਲ ਇਸ ਸੱਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ਮੈਂਬਰ ਆਪਸ ਵਿੱਚ ਭਿੜ ਗਏ ਸਨ। ਗੁਰਦੁਆਰਾ ਰਕਾਬ ਗੰਜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਕਈ ਮੈਂਬਰਾਂ ਨੇ ਇੱਕ ਦੂਜੇ ਨੂੰ ਚੰਗਾ-ਮਾੜਾ ਕਿਹਾ ਅਤੇ ਆਪਸ ਵਿੱਚ ਤਕਰਾਰ ਤੱਕ ਪਹੁੰਚ ਗਈ। ਹੰਗਾਮਾ ਇੰਨਾ ਭਿਆਨਕ ਹੋ ਗਿਆ ਕਿ ਮਾਹੌਲ ਨੂੰ ਸ਼ਾਂਤ ਕਰਨ ਲਈ ਮੌਕੇ 'ਤੇ ਪੁਲਿਸ ਨੂੰ ਬੁਲਾਉਣਾ ਪਿਆ।