ਕੋਲਕਾਤਾ : ਦੱਖਣੀ ਬੰਗਾਲ ਫ੍ਰੰਟੀਅਰ ਅੰਤਰਗਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਨੇ ਮੁਰਸ਼ੀਦਾਬਾਦ ਜ਼ਿਲ੍ਹੇ ’ਚ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੇ ਕੋਲ ਛੇ ਕਿਲੋਗ੍ਰਾਮ ਚਾਂਦੀ ਜ਼ਬਤ ਕੀਤੀ ਹੈ। ਬੀਐੱਸਐੱਫ ਵੱਲੋਂ ਇਕ ਬਿਆਨ ’ਚ ਦੱਸਿਆ ਗਿਆ ਹੈ ਕਿ ਇਹ ਘਟਨਾ ਬੁੱਧਵਾਰ ਨੂੰ ਮੁਰਸ਼ੀਦਾਬਾਦ ’ਚ ਬਲ ਦੀ ਸਰਹੱਦ ਚੌਕੀ ਚਾਰਭੱਦਰ ਬੇਸ ਇਲਾਕੇ ’ਚ ਵਾਪਰੀ, ਜਦੋਂ 141ਵੀਂ ਕੋਰ ਦੇ ਸਤਰਕ ਜਵਾਨਾਂ ਨੇ ਤਸਕਰੀ ਨੂੰ ਨਾਕਾਮ ਕਰ ਦਿੱਤਾ। ਬੀਐੱਸਐੱਫ ਅਨੁਸਾਰ, ਜ਼ਬਤ ਚਾਂਦੀ ਦੀ ਭਾਰਤੀ ਬਾਜ਼ਾਰ ’ਚ ਕੀਮਤ ਲਗਪਗ ਤਿੰਨ ਲੱਖ 72 ਹਜ਼ਾਰ 200 ਰੁਪਏ ਮਾਪੀ ਗਈ ਹੈ ਅਤੇ ਬੰਗਲਾਦੇਸ਼ ’ਚ ਇਸਦੀ ਤਸਕਰੀ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਦਰਅਸਲ ਸਾਈਕਲ 'ਤੇ ਸਵਾਰ ਇਕ ਵਿਅਕਤੀ ਅੰਤਰਰਾਸ਼ਟਰੀ ਸਰਹੱਦ ਵੱਲ ਜਾ ਰਿਹਾ ਸੀ। ਬੀਐਸਐਫ਼ ਨੂੰ ਵੇਖ ਕੇ ਸ਼ੱਕੀ ਵਿਅਕਤੀ ਸਾਈਕਲ ਛੱਡ ਕੇ ਸੰਘਣੇ ਘਾਹ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ। ਤਲਾਸ਼ੀ ਲੈਣ 'ਤੇ ਸਾਈਕਲ ਦੇ ਪਹੀਏ 'ਚੋਂ ਛੇ ਕਿਲੋ ਚਾਂਦੀ (ਛੋਟੇ ਦਾਣਿਆਂ ਦੇ ਆਕਾਰ ਵਿਚ) ਮਿਲੀ। ਫ਼ੌਜੀਆਂ ਦੀ ਨਜ਼ਰ ਤੋਂ ਬਚਣ ਲਈ ਇਸ ਨੂੰ ਟਾਇਰ ਦੇ ਅੰਦਰ ਲੁਕਾ ਕੇ ਰੱਖਿਆ ਗਿਆ ਸੀ। ਬੀ.ਐਸ.ਐਫ ਨੇ ਜ਼ਬਤ ਕੀਤੀ ਚਾਂਦੀ ਅਤੇ ਹੋਰ ਸਮਾਨ ਅਗਲੇਰੀ ਕਾਨੂੰਨੀ ਕਾਰਵਾਈ ਲਈ ਕਸਟਮ ਦਫ਼ਤਰ ਜਲੰਗੀ ਨੂੰ ਸੌਂਪ ਦਿੱਤਾ ਹੈ।