ਚੰਡੀਗੜ੍ਹ : ਪੰਜਾਬ ’ਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਇਹ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਮਜੀਠਾ ਹਲਕੇ ਵਿਚ ਕਾਂਗਰਸ ਪਾਰਟੀ ਨੇ ਕਾਂਗਰਸੀ ਆਗੂ ਜਗਵਿੰਦਰਪਾਲ ਸਿੰਘ ਜੱਗਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ। ਦੂਜੇ ਪਾਸੇ ਪਿਛਲੇ 40 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਰਹਿਣ ਵਾਲੇ ਲਾਲੀ ਮਜੀਠੀਆ ਆਮ ਆਦਮੀ ਪਾਰਟੀ ਦੇ ਵਲੋਂ ਮਜੀਠਾ ਹਲਕੇ ਤੋਂ ਚੋਣ ਲੜਨਗੇ। ਦੱਸ ਦੇਈਏ ਕਿ ਇਸ ਹਲਕੇ ਤੋਂ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਵਿਧਾਇਕ ਹਨ। ਮਜੀਠੀਆ ਲਗਾਤਾਰ 3 ਵਾਰ ਇਸ ਹਲਕੇ ਤੋਂ ਵਿਧਾਇਕ ਬਣ ਚੁੱਕੇ ਹਨ। ਇਸ ਵਾਰ ਵੇਖਣਾ ਹੋਵੇਗਾ ਕਿ ਇਸ ਵਾਰ ਮਜੀਠਾ ਹਲਕੇ ’ਤੇ ਕਿਹੜੇ ਆਗੂ ਦੀ ਜਿੱਤ ਹੋਵੇਗੀ।
ਭੁਲੱਥ ਹਲਕੇ ਤੋਂ ਅਜੇ ਤਕ ਭਾਜਪਾ ਵਲੋਂ ਆਪਣੇ ਪੱਤੇ ਨਹੀਂ ਖੋਲ੍ਹੇ ਗਏ ਹਨ ਪਰ ਕਾਂਗਰਸ ਦੇ ਐਲਾਨ ਤੋਂ ਬਾਅਦ ਭੁਲੱਥ ਹਲਕੇ ਤੋਂ ਪੁਰਾਣੇ ਸਿਆਸੀ ਸ਼ਰੀਕ ਇਕ ਵਾਰ ਫਿਰ ਆਹਮੋ-ਸਾਹਮਣੇ ਹੁੰਦੇ ਜ਼ਰੂਰ ਨਜ਼ਰ ਆਉਣਗੇ। ਅਕਾਲੀ ਦਲ ਵਲੋਂ ਪਹਿਲਾਂ ਹੀ ਇਸ ਹਲਕੇ ਤੋਂ ਬੀਬੀ ਜਗੀਰ ਕੌਰ ਦਾ ਐਲਾਨ ਕੀਤਾ ਜਾ ਚੁੱਕਾ ਹੈ ਜਦਕਿ ਕਾਂਗਰਸ ਨੇ ਅੱਜ ਸੁਖਪਾਲ ਸਿੰਘ ਖਹਿਰਾ ਨੂੰ ਇਸ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵਲੋਂ ਰਣਜੀਤ ਰਾਣਾ ਮੈਦਾਨ ਵਿਚ ਹਨ।