ਬਰਲਿਨ: ਭਾਰਤ ਦੇ ਸੁਰਿੰਦਰ ਸਿੰਘ ਨੇ ਜਰਮਨੀ ਵਿਚ ਚੱਲ ਰਹੀ ਵਿਸ਼ਵ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ ਆਪਣੇ ਦਮ-ਖਮ ਦਾ ਜਲਵਾ ਦਿਖਾਉਂਦਿਆਂ 3 ਵਿਸ਼ਵ ਰਿਕਾਰਡ ਬਣਾ ਕੇ ਦੇਸ਼ ਨੂੰ ਸਨਮਾਨਿਤ ਕਰ ਦਿੱਤਾ। ਸੁਰਿੰਦਰ ਨੇ 110 ਕਿ. ਗ੍ਰਾ. ਕਲਾਸਿਕ-ਰਾ ਵਰਗ ਵਿਚ ਸੋਨ ਤਮਗਾ ਆਪਣੇ ਨਾਂ ਕੀਤਾ ਤੇ ਕਲਾਸਿਕ-ਰਾ ਤੇ ਸਿੰਗਲ ਪਲਾਈ ਵਿਚ ਬੈਸਟ ਲਿਫਟਰ ਦੇ ਐਵਾਰਡ ਜਿੱਤੇ। ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਮੁਕੇਸ਼ ਸਿੰਘ ਨੇ ਕੌਮਾਂਤਰੀ ਕੋਚ ਦ੍ਰੋਣਾਚਾਰੀਆ ਭੁਪਿੰਦਰ ਧਵਨ ਦੇ ਤਜਰਬੇਕਾਰੀ ਨਿਰਦੇਸ਼ਨ ਵਿਚ ਸੋਨ ਤਮਗਾ ਜਿੱਤ ਕੇ ਚਾਰ ਵਾਰ ਵਿਸ਼ਵ ਚੈਂਪੀਅਨ ਕਹਿਲਾਉਣ ਦਾ ਮਾਣ ਹਾਸਲ ਕੀਤਾ। ਭਾਰਤੀ ਖਿਡਾਰੀ ਦ੍ਰੋਣਾਚਾਰੀਆ ਭੁਪਿੰਦਰ ਧਵਨ ਦੀ ਅਗਵਾਈ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਰਹੇ ਹਨ।
ਇਸ ਤੋਂ ਇਲਾਵਾ ਨਿਰਪਾਲ ਸਿੰਘ ਨੇ 110 ਕਿ. ਗ੍ਰਾ. ਕਲਾਸਿਕ-ਰਾ ਵਰਗ ਵਿਚ ਚਾਂਦੀ ਤਮਗਾ ਤੇ ਮਨਪ੍ਰੀਤ ਨੇ 100 ਕਿ. ਗ੍ਰਾ. ਕਲਾਸਿਕ-ਰਾ ਵਿਚ ਸੋਨ ਤਮਗਾ ਜਿੱਤ ਕੇ ਭਾਰਤੀ ਤਮਗਿਆਂ ਦੀ ਗਿਣਤੀ ਵਧਾਈ। ਕੁਲ ਮਿਲਾ ਕੇ ਭਾਰਤੀ ਖਿਡਾਰੀ 4 ਸੋਨ ਤਮਗੇ ਤੇ 1 ਚਾਂਦੀ ਤਮਗਾ ਜਿੱਤ ਚੁੱਕੇ ਹਨ। ਹੁਣ ਇਸ ਤੋਂ ਬਾਅਦ ਸਿੰਗਲ ਪ੍ਰਤੀਯੋਗਿਤਾਵਾਂ ਹੋਣਗੀਆਂ।