ਗੁਰਦਾਸਪੁਰ : BSF ਸੈਕਟਰ ਗੁਰਦਾਸਪੁਰ ਅਧੀਨ ਆਉਂਦੀ 10 ਬਟਾਲੀਅਨ ਦੀ ਬੀਓਪੀ ਸਹਾਰਨ ਤੇ ਤਾਇਨਾਤ ਬੀਐੱਸਐੱਫ ਜਵਾਨਾਂ ਵੱਲੋਂ ਭਾਰਤੀ ਖੇਤਰ ਵਿਚ ਦਾਖ਼ਲ ਹੋ ਰਹੇ ਪਾਕਿਸਤਾਨੀ ਨੌਜਵਾਨ ਨੂੰ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 10 ਬਟਾਲੀਅਨ ਹੈੱਡਕੁਆਰਟਰ ਸ਼ਿਕਾਰ ਮਾਛੀਆਂ ਦੀ ਬੀਓਪੀ ਸਹਾਰਨ ਤੇ ਤਾਇਨਾਤ ਜਵਾਨਾਂ ਵੱਲੋਂ ਐਤਵਾਰ ਯਾਨੀ ਅੱਜ ਦੇਰ ਸ਼ਾਮ ਸਾਢੇ ਸੱਤ ਵਜੇ ਦੇ ਕਰੀਬ ਭਾਰਤ ਪਾਕਿ ਆਈ ਬੀ ਪਾਰ ਕਰਕੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਨੌਜਵਾਨ ਨੂੰ ਕਾਬੂ ਕੀਤਾ। ਇਸ ਸਬੰਧੀ ਜਦੋਂ ਬੀਐੱਸਐੱਫ ਵੱਲੋਂ ਪੁੱਛਗਿੱਛ ਕੀਤੀ ਤਾਂ ਉਕਤ ਫੜੇ ਗਏ ਨੌਜਵਾਨ ਦੀ ਪਹਿਚਾਣ ਜ਼ੁਲਕਰ ਨੈਣ ਸਿਕੰਦਰ (18) ਪੁੱਤਰ ਜਾਫ਼ਰ ਇਕਬਾਲ ਵਾਸੀ ਗੁਜਰਾਤ ਜ਼ਿਲ੍ਹਾ ਮੰਡੀ ਬਹਾਵਲਦੀਨ ਪੰਜਾਬ ਪਾਕਿਸਤਾਨ ਵਜੋਂ ਹੋਈ। ਇਸ ਸਬੰਧੀ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀ ਨੌਜਵਾਨ ਕੋਲੋਂ ਪਾਕਿਸਤਾਨੀ ਕਰੰਸੀ 1650 ਰੁਪਏ, ਮੋਬਾਈਲ ਫੋਨ, ਚਾਰਜਰ, ਈਅਰਫੋਨ ਆਦਿ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਨੌਜਵਾਨ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਸਵੇਰੇ ਇਸ ਬਟਾਲੀਅਨ ਨਾਲ ਲੱਗਦੀ 89ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਵਿਖੇ ਬੀਐੱਸਐੱਫ ਵੱਲੋਂ ਸਰਹੱਦ 'ਤੇ ਸ਼ੱਕੀ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਗਏ ਸਨ।