Saturday, November 23, 2024
 

ਪੰਜਾਬ

ਮਨਜਿੰਦਰ ਸਿਰਸਾ ਨੂੰ ਧਮਕਾ ਕੇ BJP 'ਚ ਸ਼ਾਮਲ ਕੀਤਾ : ਗਿਆਨੀ ਹਰਪ੍ਰੀਤ ਸਿੰਘ

December 03, 2021 07:07 AM

ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਅਸਤੀਫਾ ਦੇ ਕੇ ਬੀਜੇਪੀ ਵਿੱਚ ਸ਼ਾਮਲ ਹੋਣ ਮਗਰੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਆਇਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਬੀਜੇਪੀ ਨੇ ਦਿੱਲੀ ਕਮੇਟੀ ਦੇ 11 ਮੈਂਬਰਾਂ 'ਤੇ ਗਲਤ ਤਰੀਕੇ ਨਾਲ ਕੇਸ ਦਰਜ ਕਰਕੇ ਦਬਾਅ ਪਾਇਆ ਹੈ।

ਉਨ੍ਹਾਂ ਕਿਹਾ ਹੈ ਕਿ ਮਨਜਿੰਦਰ ਸਿਰਸਾ ਦੇ ਸਾਹਮਣੇ ਜੇਲ੍ਹ ਜਾਣ ਜਾਂ ਭਾਜਪਾ 'ਚ ਸ਼ਾਮਲ ਹੋਣ ਦੀ ਤਜਵੀਜ਼ ਸੀ ਤੇ ਸਿਰਸਾ ਨੇ ਜੇਲ੍ਹ ਜਾਣ ਦੀ ਬਜਾਏ ਭਾਜਪਾ 'ਚ ਜਾਣਾ ਠੀਕ ਸਮਝਿਆ। ਉਨ੍ਹਾਂ ਕਿਹਾ ਕਿ ਜਦੋਂ ਮੁਗਲ ਸਾਮਰਾਜ ਸੀ, ਉਦੋਂ ਵੀ ਸਿੱਖਾਂ ਅੱਗੇ ਅਜਿਹੀਆਂ ਤਜਵੀਜ਼ਾਂ ਰੱਖੀਆਂ ਗਈਆਂ ਸਨ ਕਿ ਧਰਮ ਜਾਂ ਜੀਵਨ ਵਿੱਚੋਂ ਇੱਕ ਦੀ ਚੋਣ ਕਰਨੀ ਹੈ ਤੇ ਅੱਜ ਵੀ ਅਜਿਹਾ ਹੀ ਹੋਇਆ ਹੈ।

ਉਨ੍ਹਾਂ ਕਿਹਾ ਹੈ ਕਿ ਹੋ ਸਕਦਾ ਹੈ ਕਿ ਕੱਲ੍ਹ ਦਿੱਲੀ ਦੇ ਗੁਰਦੁਆਰਿਆਂ ਦਾ ਪ੍ਰਬੰਧ ਭਾਜਪਾ ਆਪਣੇ ਹੱਥਾਂ ਵਿੱਚ ਲੈ ਲਵੇ ਪਰ ਇਸ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ, ਸਗੋਂ ਦਿੱਲੀ ਦੇ ਉਹ ਸਿੱਖਾਂ ਹੀ ਹਨ ਜਿਨ੍ਹਾਂ ਨੇ ਸਿਰਸਾ ਦੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਜ਼ਮੀਨ ਤਿਆਰ ਕੀਤੀ ਹੈ।

ਜਥੇਦਾਰ ਨੇ ਕਿਹਾ ਕਿ ਜਦ ਵਿਦੇਸ਼ੀ ਹੁਕਮਰਾਨ ਭਾਰਤ ਆਏ ਸਨ ਤਾਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਧਰਮ ਚੁਣ ਲਓ ਜਾਂ ਫਿਰ ਕਰਮ ਦੀ ਚੋਣ ਕਰ ਲਵੋ। ਇਸੇ ਤਰ੍ਹਾਂ ਹੀ ਜਦ ਮੁਗ਼ਲ ਆਏ ਤਾਂ ਉਨ੍ਹਾਂ ਕਿਹਾ ਕਿ ਜਾਂ ਤਾਂ ਧਰਮ ਚੁਣੋ ਜਾਂ ਫਿਰ ਜ਼ਿੰਦਗੀ ਚੁਣ ਲਓ, ਜਿਨ੍ਹਾਂ ਨੇ ਜ਼ਿੰਦਗੀ ਚੁਣੀ, ਉਨ੍ਹਾਂ ਨੇ ਧਰਮ ਛੱਡ ਦਿੱਤਾ ਤੇ ਜਿਨ੍ਹਾਂ ਨੇ ਧਰਮ ਚੁਣਿਆ ਉਨ੍ਹਾਂ ਨੇ ਜ਼ਿੰਦਗੀ ਛੱਡ ਦਿੱਤੀ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦ ਮੇਰੀ ਮਨਜਿੰਦਰ ਸਿੰਘ ਸਿਰਸਾ ਨਾਲ ਗੱਲਬਾਤ ਹੋਈ ਤਾਂ ਮੈਨੂੰ ਅਜਿਹਾ ਪ੍ਰਤੀਤ ਹੋਇਆ ਜਿਵੇਂ ਉਨ੍ਹਾਂ ਨੂੰ ਬੀਜੇਪੀ ਵੱਲੋਂ ਕਿਹਾ ਗਿਆ ਹੋਵੇ ਕਿ ਜਾਂ ਤਾਂ ਬੀਜੇਪੀ ਚੁਣ ਲਵੋ ਜਾਂ ਫਿਰ ਜੇਲ੍ਹ ਜਾਣ ਲਈ ਤਿਆਰ ਹੋ ਜਾਵੋ ਪਰ ਉਨ੍ਹਾਂ ਨੇ ਬੀਜੇਪੀ ਦੀ ਚੋਣ ਕਰ ਲਈ। ਉਨ੍ਹਾਂ ਕਿਹਾ ਕਿ ਇਹ ਬਿਲਕੁਲ ਮੁਗਲ ਕਾਲ ਦੇ ਸ਼ਾਸ਼ਕ ਵਾਂਗ ਹੋਇਆ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਦੇ ਸਿੱਖਾਂ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਦੇ ਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਸੀ। ਸਿਰਸਾ ਨੇ ਉਨ੍ਹਾਂ ਸਿੱਖਾਂ ਦੀਆਂ ਸਿੱਖ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਸ਼ਾਇਦ ਮਨਜਿੰਦਰ ਸਿੰਘ ਸਿਰਸਾ ਨੂੰ ਬੀਜੇਪੀ ਵੱਲੋਂ ਡਰਾ ਕੇ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ।

 

Have something to say? Post your comment

Subscribe