ਨਿਊਯਾਰਕ : ਅਮਰੀਕਾ 'ਚ ਇਮਰਾਨ ਖਾਨ ਨੇ ਇਕ ਵਾਰ ਫਿਰ ਪਾਕਿਸਤਾਨੀ ਫੌਜ ਤੇ ਜਾਸੂਸੀ ਏਜੰਸੀ ਆਈ.ਐੱਸ.ਆਈ. ਦੀ ਪੋਲ ਖੋਲ੍ਹੀ ਹੈ। ਇਮਰਾਨ ਨੇ ਕਬੂਲ ਕੀਤਾ ਹੈ ਕਿ ਪਾਕਿਸਤਾਨੀ ਫੌਜ ਤੇ ਉਨ੍ਹਾਂ ਦੇ ਮੁਲਕ ਦੀ ਜਾਸੂਸੀ ਏਜੰਸੀ ਆਈ.ਐੱਸ.ਆਈ. ਦੋਵਾਂ ਨੇ ਅਲਕਾਇਦਾ ਤੇ ਹੋਰ ਅੱਤਵਾਦੀ ਸਮੂਹਾਂ ਨੂੰ ਅਫਗਾਨਿਸਤਾਨ 'ਚ ਲੜਨ ਲਈ ਸਿਖਲਾਈ ਦਿੱਤੀ ਸੀ। ਇਹ ਹੀ ਨਹੀਂ ਪਾਕਿਸਤਾਨੀ ਆਰਮੀ ਤੇ ਆਈ.ਐੱਸ.ਆਈ. ਦੋਵਾਂ ਦੇ ਸਬੰਧ ਅਲਕਾਇਦਾ ਤੇ ਹੋਰ ਅੱਤਵਾਦੀ ਸਮੂਹਾਂ ਨਾਲ ਸਨ। ਅੱਤਵਾਦ ਦੇ ਮਸਲੇ 'ਤੇ ਇਮਰਾਨ ਦਾ ਬਿਆਨ ਪਾਕਿਸਤਾਨ ਦੇ ਸਭ ਤੋਂ ਵੱਡੇ ਕਬੂਲਨਾਮੇ 'ਚੋਂ ਇਕ ਮੰਨਿਆ ਜਾ ਰਿਹਾ ਹੈ। ਓਸਾਮਾ ਬਿਨ ਲਾਦੇਨ ਦੀ ਅਗਵਾਈ ਵਾਲੇ ਅੱਤਵਾਦੀ ਸੰਗਠਨ ਅਲ ਕਾਇਦਾ ਨੇ ਹੀ 9/11 ਹਮਲੇ ਨੂੰ ਅੰਜਾਮ ਦਿੱਤਾ ਸੀ। ਅਮਰੀਕੀ ਥਿੰਕ ਟੈਂਕ ਕੌਂਸਲ ਆਨ ਫਾਰਨ ਰਿਲੇਸ਼ਨਸ (ਸੀ.ਐੱਫ.ਆਰ.) ਦੇ ਇਕ ਵਰਕਰ ਨੇ ਸੋਮਵਾਰ ਨੂੰ ਇਹ ਪੁੱਛੇ ਜਾਣ 'ਤੇ ਕਿ ਕੀ ਪਾਕਿਸਤਾਨ ਨੇ ਇਸ ਗੱਲ ਦੀ ਜਾਂਚ ਕਰਵਾਈ ਸੀ ਕਿ ਓਸਾਮਾ ਬਿਨ ਲਾਦੇਨ ਪਾਕਿਸਤਾਨ 'ਚ ਕਿਵੇਂ ਰਹਿ ਰਿਹਾ ਸੀ? ਇਮਰਾਨ ਨੇ ਪਾਕਿਸਤਾਨੀ ਫੌਜ ਤੇ ਅਲ ਕਾਇਦਾ ਦੀ ਪੋਲ ਖੋਲ੍ਹਦੇ ਹੋਏ ਕਿਹਾ ਕਿ ਅਫਗਾਨਿਸਤਾਨ 'ਚ ਲੜ ਰਹੇ ਅਲ ਕਾਇਦਾ ਤੇ ਹੋਰ ਅੱਤਵਾਦੀ ਸੰਗਠਨਾਂ ਦੇ ਸਬੰਧ ਪਾਕਿਸਤਾਨੀ ਫੌਜ ਤੇ ਮੁਲਕ ਦੀ ਜਾਸੂਸੀ ਏਜੰਸੀ ਆਈ.ਐੱਸ.ਆਈ. ਨਾਲ ਰਹੇ ਹਨ ਕਿਉਂਕਿ ਦੋਵਾਂ ਨੇ ਹੀ ਉਨ੍ਹਾਂ ਨੂੰ ਅਫਗਾਨਿਸਤਾਨ 'ਚ ਲੜਨ ਦੀ ਸਿਖਲਾਈ ਦਿੱਤੀ ਸੀ। ਇਮਰਾਨ ਖਾਨ ਨੇ ਕਿਹਾ ਕਿ 9/11 ਹਮਲੇ ਤੋਂ ਬਾਅਦ ਜਦੋਂ ਅਸੀਂ ਇਨ੍ਹਾਂ ਅੱਤਵਾਦੀ ਸੰਗਠਨਾਂ ਤੋਂ ਮੂੰਹ ਮੋੜਨ ਦਾ ਕੰਮ ਸ਼ੁਰੂ ਕੀਤਾ ਤਾਂ ਪਾਕਿਸਤਾਨ 'ਚ ਕੋਈ ਵੀ ਸਾਡੇ ਫੈਸਲੇ ਤੋਂ ਸਹਿਮਤ ਨਹੀ ਸੀ। ਪਾਕਿਸਤਾਨੀ ਆਰਮੀ ਖੁਦ ਨੂੰ ਵੀ ਬਦਲਣਾ ਨਹੀਂ ਚਾਹੁੰਦੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਦੌਰਾਨ ਸਾਬਕਾ ਫੌਜ ਮੁਖੀ ਦਾ ਬਚਾਅ ਕੀਤਾ ਤੇ ਬਰਾਕ ਓਬਾਮਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਾਕਿਸਤਾਨ ਦੀ ਫੌਜ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਲਾਦੇਨ ਐਬਟਾਬਾਦ 'ਚ ਰਹਿ ਰਿਹਾ ਹੈ।