ਨਵੀਂ ਦਿੱਲੀ: ਕੰਗਨਾ ਰਣੌਤ ਨੇ ਆਜ਼ਾਦੀ 'ਤੇ ਦਿੱਤੇ ਆਪਣੇ ਵਿਵਾਦਿਤ ਬਿਆਨ 'ਤੇ ਆਪਣਾ ਬਚਾਅ ਕੀਤਾ ਹੈ। ਕੰਗਨਾ ਨੇ ਦਾਅਵਾ ਕੀਤਾ ਕਿ ਜੇਕਰ ਉਹ ਗਲਤ ਸਾਬਤ ਹੁੰਦੀ ਹੈ ਤਾਂ ਉਹ ਆਪਣਾ ਪਦਮ ਸ਼੍ਰੀ ਖੁਦ ਵਾਪਸ ਕਰ ਦੇਵੇਗੀ। ਹਾਲ ਹੀ 'ਚ ਇਕ ਟੀਵੀ ਚੈਨਲ 'ਤੇ ਆਜ਼ਾਦੀ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਕੰਗਨਾ ਕਈ ਲੋਕਾਂ ਦੇ ਨਿਸ਼ਾਨੇ 'ਤੇ ਹੈ, ਜਿਸ 'ਚ ਕੰਗਨਾ ਨੇ ਕਿਹਾ ਸੀ ਕਿ 1947 'ਚ ਭੀਖ ਮਿਲੀ ਸੀ, ਅਸਲ ਆਜ਼ਾਦੀ 2014 'ਚ ਮਿਲੀ।
ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਕਿਤਾਬ ਦੇ ਪੰਨੇ ਦਾ ਅੰਸ਼ ਸਾਂਝਾ ਕੀਤਾ ਹੈ। ਇਸ ਪੰਨੇ 'ਤੇ ਅਰਬਿੰਦੋ ਘੋਸ਼, ਬਾਲ ਗੰਗਾਧਰ ਤਿਲਕ ਅਤੇ ਬਿਪਿਨ ਚੰਦਰ ਪਾਲ ਦੇ ਹਵਾਲੇ ਹਨ, ਜਿਨ੍ਹਾਂ ਵਿਚ ਉਹਨਾਂ ਨੇ ਕਾਂਗਰਸ ਬਾਰੇ ਗੱਲ ਕੀਤੀ ਹੈ। ਕੰਗਨਾ ਨੇ ਲਿਖਿਆ ਕਿ ਉਸ ਇੰਟਰਵਿਊ 'ਚ ਸਭ ਕੁਝ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ। ਆਜ਼ਾਦੀ ਲਈ ਪਹਿਲੀ ਲੜਾਈ 1857 ਵਿਚ ਹੋਈ ਸੀ। ਸੁਭਾਸ਼ ਚੰਦਰ ਬੋਸ, ਰਾਣੀ ਲਕਸ਼ਮੀਬਾਈ ਅਤੇ ਵੀਰ ਸਾਵਰਕਰ ਜੀ ਵਰਗੇ ਮਹਾਨ ਲੋਕਾਂ ਨੇ ਲੜਾਈ ਦੌਰਾਨ ਕੁਰਬਾਨੀਆਂ ਦਿੱਤੀਆਂ। 1857 ਦੀ ਲੜਾਈ ਤਾਂ ਮੈਂ ਜਾਣਦੀ ਹਾਂ ਪਰ 1947 ਵਿਚ ਕਿਹੜੀ ਜੰਗ ਲੜੀ ਸੀ, ਮੈਨੂੰ ਨਹੀਂ ਪਤਾ। ਜੇਕਰ ਕੋਈ ਮੈਨੂੰ ਦੱਸ ਸਕਦਾ ਹੈ ਤਾਂ ਮੈਂ ਆਪਣਾ ਪਦਮ ਸ਼੍ਰੀ ਵਾਪਸ ਕਰ ਦੇਵਾਂਗੀ ਅਤੇ ਮਾਫੀ ਵੀ ਮੰਗਾਂਗੀ... ਕਿਰਪਾ ਕਰਕੇ ਇਸ ਵਿੱਚ ਮੇਰੀ ਮਦਦ ਕਰੋ’।
ਕੰਗਨਾ ਰਣੌਤ ਨੇ ਲਿਖਿਆ, “ਮੈਂ ਸ਼ਹੀਦ ਰਾਣੀ ਲਕਸ਼ਮੀਬਾਈ 'ਤੇ ਬਣੀ ਫ਼ਿਲਮ 'ਚ ਕੰਮ ਕੀਤਾ ਹੈ। ਆਜ਼ਾਦੀ ਲਈ ਲੜੀ ਗਈ ਪਹਿਲੀ ਜੰਗ 1857 ਬਾਰੇ ਵੀ ਡੂੰਘਾਈ ਨਾਲ ਖੋਜ ਕੀਤੀ ਸੀ। ਕੰਗਨਾ ਰਣੌਤ ਨੇ ਆਪਣੇ ਲੇਖ ਵਿਚ ਕਈ ਸਵਾਲ ਪੁੱਛੇ ਅਤੇ ਲਿਖਿਆ, “ਗਾਂਧੀ ਜੀ ਨੇ ਭਗਤ ਸਿੰਘ ਨੂੰ ਕਿਉਂ ਮਰਨ ਦਿੱਤਾ? ਸੁਭਾਸ਼ ਚੰਦਰ ਬੋਸ ਨੂੰ ਕਿਉਂ ਮਾਰਿਆ ਗਿਆ ਅਤੇ ਗਾਂਧੀ ਨੇ ਉਹਨਾਂ ਦਾ ਸਮਰਥਨ ਕਿਉਂ ਨਹੀਂ ਕੀਤਾ? ਵੰਡ ਦੀ ਰੇਖਾ ਇਕ ਗੋਰੇ ਆਦਮੀ ਵਲੋਂ ਕਿਉਂ ਖਿੱਚੀ ਗਈ ਸੀ? ਭਾਰਤੀਆਂ ਨੇ ਆਜ਼ਾਦੀ ਦਾ ਜਸ਼ਨ ਮਨਾਉਣ ਦੀ ਬਜਾਏ ਇਕ ਦੂਜੇ ਨੂੰ ਕਿਉਂ ਮਾਰਿਆ? ਕਿਰਪਾ ਕਰਕੇ ਕੁਝ ਜਵਾਬ ਲੱਭਣ ਵਿਚ ਮੇਰੀ ਮਦਦ ਕਰੋ।"
ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ 24 ਸੈਕਿੰਡ ਦੀ ਇਕ ਕਲਿੱਪ ਵਿਚ ਕੰਗਨਾ ਰਣੌਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, "1947 ਵਿਚ ਆਜ਼ਾਦੀ ਨਹੀਂ, ਸਗੋਂ ਭੀਖ ਮਿਲੀ ਸੀ ਅਤੇ ਜੋ ਆਜ਼ਾਦੀ ਮਿਲੀ ਹੈ, ਉਹ 2014 ਵਿਚ ਮਿਲੀ ।" ਇਸ ਬਿਆਨ ਤੋਂ ਬਾਅਦ ਕਈ ਆਗੂਆਂ ਨੇ ਸਰਕਾਰ ਕੋਲ ਕੰਗਨਾ ਰਣੌਤ ਤੋਂ ਰਾਸ਼ਟਰੀ ਪੁਰਸਕਾਰ ਅਤੇ ਸਨਮਾਨ ਵਾਪਸ ਲੈਣ ਦੀ ਮੰਗ ਕੀਤੀ ਹੈ।