ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵਲੋਂ ਲਾਏ ਜਾ ਰਹੇ ਦੋਸ਼ਾਂ ਦਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਜਵਾਬ ਦਿੱਤਾ ਹੈ। ਉਸ ਨੇ ਬਿਨਾਂ ਨਾਂ ਲਏ ਕਿਹਾ ਕਿ ਮੈਂ ਭਾਵੇਂ ਗ਼ਰੀਬ ਜਾਂ ਗ਼ਰੀਬ ਪਰਿਵਾਰ ਤੋਂ ਹਾਂ ਪਰ ਮੈਂ ਕਮਜ਼ੋਰ ਨਹੀਂ ਹਾਂ। ਦਰਅਸਲ ਉਹ ਸਤਲੁਜ ਦਰਿਆ ’ਤੇ ਬਣੇ ਪੁਲ ਦਾ ਉਦਘਾਟਨ ਕਰਨ ਸਨਿਚਰਵਾਰ ਨੂੰ ਚਮਕੌਰ ਸਾਹਿਬ ਪਹੁੰਚੇ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ, ”ਮੈਂ ਨਸ਼ਿਆਂ ਅਤੇ ਬੇਅਦਬੀ ਦੇ ਮੁੱਦੇ ਨੂੰ ਹੱਲ ਕਰਕੇ ਰਹਾਂਗਾ। ਬੇਅਦਬੀ ਮੇਰੇ ਗੁਰੂ ਘਰ ਦਾ ਮਸਲਾ ਹੈ। ਨਸ਼ੇ ਵੇਚਣ ਵਾਲਿਆਂ ਨੂੰ ਮੈਂ ਪੰਜਾਬ ਤੋਂ ਭੱਜਣ ਨਹੀਂ ਦੇਵਾਂਗਾ।” ਇਸ ਤੋਂ ਬਾਅਦ ਸੀਐਮ ਚੰਨੀ ਨੂੰ ਸਿੱਧੂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਛੱਡ ਕੇ ਖ਼ੁਸ਼ੀ ਮਨਾਉ।
ਇਥੇ ਦਸ ਦਈਏ ਕਿ ਸਿੱਧੂ ਨੇ ਸ਼ੁਕਰਵਾਰ ਨੂੰ ਚੰਡੀਗੜ੍ਹ ’ਚ ਕਿਹਾ ਸੀ ਕਿ ਜੇਕਰ ਸਰਕਾਰ ਨਸ਼ਾ ਤਸਕਰੀ ਦੀ ਐੱਸ.ਟੀ.ਐੱਫ ਦੀ ਰਿਪੋਰਟ ਖੋਲ੍ਹਣ ਦੀ ਹਿੰਮਤ ਨਹੀਂ ਕਰਦੀ ਤਾਂ ਮੈਨੂੰ ਦੇ ਦਿਓ, ਮੈਂ ਜਨਤਕ ਕਰ ਦਿਆਂਗਾ। ਇਹ ਪਹਿਲੀ ਵਾਰ ਹੈ ਜਦੋਂ ਸਿੱਧੂ ਨਾਲ ਵਿਵਾਦ ਦੌਰਾਨ ਸੀਐਮ ਚੰਨੀ ਨੇ ਇਹ ਅੰਦਾਜ਼ ਦਿਖਾਇਆ ਹੈ।
ਬੇਅਦਬੀ ਦੇ ਮੁੱਦੇ ’ਤੇ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਬੇਅਦਬੀ ਕਾਂਡ ਵਾਲੀ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਸੀਐਮ ਚਰਨਜੀਤ ਚੰਨੀ ਨੇ ਵੀ ਇਸ ’ਤੇ ਜਵਾਬੀ ਕਾਰਵਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਦਾ ਮਾਮਲਾ ਸਹੀ ਲੀਹ ’ਤੇ ਆਇਆ ਹੈ। ਸਾਡੀ ਟੀਮ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਜਾ ਰਹੀ ਹੈ। ਜਦੋਂ ਸਿੱਧੂ ਵਾਰ-ਵਾਰ ਇਸ ਨੂੰ ਮੇਰੇ ਗੁਰੂ ਦਾ ਮੁੱਦਾ ਦੱਸਦੇ ਰਹੇ ਤਾਂ ਸੀਐਮ ਨੇ ਵੀ ਉਸੇ ਤਰ੍ਹਾਂ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮੇਰੇ ਗੁਰੂ ਦਾ ਮੁੱਦਾ ਹੈ ਅਤੇ ਇਹ ਮੁੱਦਾ ਅੱਗੇ ਨਹੀਂ ਚੱਲੇਗਾ।
ਚੰਨੀ ਨੇ ਨਸ਼ਿਆਂ ਦੇ ਮੁੱਦੇ ’ਤੇ ਕਿਹਾ ਕਿ ਵਕੀਲ ਕੋਸ਼ਿਸ਼ ਕਰ ਰਹੇ ਹਨ। ਅਸੀਂ ਉਮੀਦ ਕਰਦੇ ਹਾਂ ਕਿ 18 ਨਵੰਬਰ ਦੀ ਸੁਣਵਾਈ ਦੌਰਾਨ ਐਸਟੀਐਫ ਦੀ ਰਿਪੋਰਟ ਸਾਹਮਣੇ ਆਵੇਗੀ। ਉਹ ਲਿਫਾਫਾ ਖੁੱਲ੍ਹੇਗਾ, ਜਿਸ ਵਿੱਚ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਵਾਲਿਆਂ ਦੇ ਨਾਂ ਹੋਣਗੇ। ਉਨ੍ਹਾਂ ਕਿਹਾ ਕਿ ਉਹ ਨਾ ਤਾਂ ਨਸ਼ੇ ਦੇ ਸੌਦਾਗਰਾਂ ਨੂੰ ਸੌਣ ਦੇਣਗੇ ਅਤੇ ਨਾ ਹੀ ਉਨ੍ਹਾਂ ਨੂੰ ਪੰਜਾਬ ਵਿੱਚੋਂ ਭੱਜਣ ਦੇਣਗੇ।
ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਸਿੱਧੂ ਐਡਵੋਕੇਟ ਜਨਰਲ ਏਪੀਐਸ ਦਿਓਲ ’ਤੇ ਸਵਾਲ ਉਠਾਉਂਦੇ ਰਹੇ। ਇਸ ਦੇ ਉਲਟ ਚੰਨੀ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਵਕੀਲਾਂ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਵਕੀਲਾਂ ਦੇ ਯਤਨਾਂ ਨਾਲ ਅਸੀਂ ਹਾਈ ਕੋਰਟ ਵਿੱਚ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਦਾ ਕੇਸ ਜਿੱਤ ਲਿਆ ਹੈ। ਇੱਥੋਂ ਤੱਕ ਕਿ ਨਸ਼ੇ ਦੇ ਮਾਮਲੇ ਵਿੱਚ ਸਾਡੇ ਵਕੀਲਾਂ ਨੇ ਕੇਸ ਖੋਲ੍ਹ ਕੇ ਰਿਪੋਰਟ ਕੀਤੀ ਹੈ। ਇਸ ਸਮੇਂ ਵਕੀਲ ਦਿਓਲ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ। ਚੰਨੀ ਨੀ ਅਖੀਰ ਵਿਚ ਕਿਹਾ ਕਿ ਸਰਕਾਰ ਨੇ ਬਿਜਲੀ ਦਰਾਂ ਘਟਾ ਦਿੱਤੀਆਂ ਹਨ। ਹੁਣ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵੀ ਹੱਲ ਹੋਣਗੇ।