ਜਲੰਧਰ : ਇਥੇ ਇਕ ਸ਼ਰਾਬੀ ਡਾਕਟਰ ਨੇ ਅਜਿਹਾ ਕਾਰਾ ਕੀਤਾ ਕਿ ਲੋਕਾਂ ਦੇ ਗੁੱਸੇ ਦਾ ਸਿ਼ਕਾਰ ਹੋ ਗਿਆ। ਦਰਅਸਲ ਇੱਕ ਡਾਕਟਰ ਵੱਲੋਂ ਨਸ਼ੇ ਦੀ ਹਾਲਤ ਵਿੱਚ 16 ਸਾਲ ਦੇ ਮੁੰਡੇ ਨੰ ਇੰਜੈਕਸ਼ਨ ਲਾਉਣ ਤੋਂ ਥੋੜ੍ਹੀ ਦੇਰ ਬਾਅਦ ਮੁੰਡੇ ਦੀ ਮੌਤ ਹੋ ਗਈ। ਗੁੱਸੇ ਵਿੱਚ ਆਏ ਲੋਕਾਂ ਨੇ ਪਹਿਲਾਂ ਡਾਕਟਰ ਦਾ ਕੁਟਾਪਾ ਚਾੜ੍ਹਿਆ, ਫਿਰ ਸੜਕ ਜਾਮ ਕਰ ਦਿੱਤੀ। ਜਦੋਂ ਸੋਮਵਾਰ ਰਾਤ ਨੂੰ ਵਿਵਾਦ ਵਧ ਗਿਆ, ਤਾਂ ਪੁਲਿਸ ਨੇ ਡਾਕਟਰ ਦੀ ਮੈਡੀਕਲ ਜਾਂਚ ਕਰਵਾਈ ਤਾਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ। ਹੁਣ ਦੋਸ਼ੀ ਡਾਕਟਰ ਜਤਿੰਦਰ ਸਿੰਘ ਦੇ ਖਿਲਾਫ ਗੈਰ-ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੁਕੇਰੀਆਂ ਦੇ ਰਹਿਣ ਵਾਲੇ ਚੰਦਰ ਨੇ ਦੱਸਿਆ ਕਿ ਉਨ੍ਹਾਂ ਦੇ 16 ਸਾਲ ਦੇ ਪੁੱਤਰ ਵੰਸ਼ ਦਾ ਸਕੂਲ ਬੱਸ ਨਾਲ ਐਕਸੀਡੈਂਟ ਹੋ ਗਿਆ ਸੀ। ਉਸ ਨੂੰ ਮੁਕੇਰੀਆਂ ਤੋਂ ਇਲਾਜ ਲਈ ਜਲੰਧਰ ਰੈਫਰ ਕੀਤਾ ਗਿਆ ਸੀ। ਪਰਿਵਾਰ ਉਸ ਨੂੰ ਇਲਾਜ ਲਈ ਮਾਡਲ ਟਾਊਨ ਵਿੱਚ ਇੱਕ ਨਿੱਜੀ ਹਸਪਤਾਲ ਵਿੱਚ ਲੈ ਕੇ ਆਇਆ। ਉਸ ਦੀਆਂ ਪਸਲੀਆਂ 'ਤੇ ਸੱਟ ਲੱਗੀ ਸੀ। ਉਸ ਨੂੰ ਸ਼ਾਮ ਕਰੀਬ 6.30 ਵਜੇ ਇਲਾਜ ਲਈ ਦਾਖਲ ਕਰਵਾਇਆ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਇਸ ਦੌਰਾਨ ਡਾਕਟਰ ਨੇ ਉਸ ਨੂੰ ਟੀਕਾ ਲਗਾਇਆ। ਵੰਸ਼ ਦੀ ਸੱਤ ਵਜੇ ਦੇ ਕਰੀਬ ਮੌਤ ਹੋ ਗਈ। ਜਦੋਂ ਉਹ ਡਾਕਟਰ ਨੂੰ ਪੁੱਛਣ ਗਏ ਤਾਂ ਵੇਖਿਆ ਡਾਕਟਰ ਨਸ਼ੇ 'ਚ ਧੁੱਤ ਸੀ। ਇਸ 'ਤੇ ਮ੍ਰਿਤਕ ਮੁੰਡੇ ਦੇ ਪਰਿਵਾਰ ਵਾਲੇ ਭੜਕ ਗਏ।