ਚੰਡੀਗੜ੍ਹ : ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ ਉਦੋਂ ਤੋਂ ਹੀ ਸਾਬਕਾ ਮੁੱਖ ਮੰਤਰੀ ਪੰਜਾਬ ਕਾਂਗਰਸ ਤੋਂ ਨਾਰਾਜ਼ ਨਜ਼ਰ ਆ ਰਹੇ ਹਨ । ਹੁਣ ਕੈਪਟਨ ਭਾਜਪਾ ਦੇ ਵੱਡੇ ਆਗੂ ਨੂੰ ਮਿਲਣ ਜਾ ਰਹੇ ਹਨ ਤਾਂ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ (Former CM Captain Amarinder Singh) ਦੀ ਅੱਜ ਦਿੱਲੀ ਫੇਰੀ ਨੇ ਰਾਜਨੀਤਕ ਕਿਆਸ ਤੇਜ਼ ਕਰ ਦਿੱਤੇ ਹਨ। ਉਨ੍ਹਾਂ ਦੀ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨਾਲ ਮੀਟਿੰਗ ਦੀ ਖ਼ਬਰ ਸਾਹਮਣੇ ਆਈ ਹੈ। ਗ੍ਰਹਿ ਮੰਤਰਾਲਾ ਨੇ ਇਸ ਗੱਲ ਦੀ ਹਾਲਾਂਕਿ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਨਾਲ ਮੁਲਾਕਾਤ ਲਈ ਟਾਈਮ ਦਿੱਤਾ ਗਿਆ ਹੈ ਪਰ ਸੂਤਰਾਂ ਮੁਤਾਬਿਕ ਇਸ ਮੀਟਿੰਗ ਲਈ ਸਮਾਂ ਜ਼ਰੂਰ ਮੰਗਿਆ ਗਿਆ ਹੈ।
ਮੁੱਖ ਮੰਤਰੀ ਵਜੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਕੈਪਟਨ ਅਮਰਿੰਦਰ ਸਿੰਘ (Former CM Captain Amarinder Singh) ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਨਵਜੋਤ ਸਿੰਘ ਸਿੱਧੂ ਨੂੰ ਚੋਣਾਂ 'ਚ ਹਰਾਉਣ ਲਈ ਹਰ ਮੁਮਕਿਨ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਖ਼ਿਲਾਫ਼ ਇੱਕ ਮਜ਼ਬੂਤ ਨੁਮਾਇੰਦਾ ਖੜਾ ਕਰਨਗੇ।
ਕੈਪਟਨ ਦੀ ਦਿੱਲੀ ਫੇਰੀ ਬਾਬਤ ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਇਕ ਟਵੀਟ ਕੀਤਾ ਹੈ ਕਿ ਇਹ ਕੈਪਟਨ ਅਮਰਿੰਦਰ ਸਿੰਘ (Former CM Captain Amarinder Singh) ਦਾ ਨਿੱਜੀ ਦੌਰਾ ਹੈ ਜਿਸ ਦੌਰਾਨ ਉਹ ਆਪਣੇ ਕੁਝ ਦੋਸਤਾਂ ਨੂੰ ਮਿਲਣਗੇ ਅਤੇ ਨਵੇਂ ਮੁੱਖ ਮੰਤਰੀ ਲਈ ਕਪੂਰਥਲਾ ਹਾਊਸ ਵੀ ਖਾਲੀ ਕਰਨਗੇ। ਇਸ ਤੋਂ ਇਲਾਵਾ ਹੋਰ ਕਿਸਰਾਈਆਂ ਲਗਾਉਣ ਦੀ ਕੋਈ ਲੋੜ ਨਹੀਂ।
ਦੱਸਣਯੋਗ ਹੈ ਕਿ ਅਮਿਤ ਸ਼ਾਹ ਅਤੇ ਕੈਪਟਨ ਦੀ ਮੀਟਿੰਗ ਉੱਤੇ ਬੋਲਦਿਆਂ ਨਵੇਂ ਬਣੇ ਮੰਤਰੀ ਪਰਗਟ ਸਿੰਘ ਨੇ ਕਿਹਾ, "ਕੁੱਝ ਗੱਲਾਂ ਕਹਿਣ ਦੀਆਂ ਨਹੀਂ ਪਰ ਕਰਨ ਦੀਆਂ ਹੁੰਦੀਆਂ ਹਨ ਅਤੇ ਕੈਪਟਨ ਸਾਬ੍ਹ ਪਹਿਲਾਂ ਵੀ ਦਿੱਲੀ ਪਾਰਟੀ ਲੀਡਰਾਂ ਤੋਂ ਜ਼ਿਆਦਾ ਕੇਂਦਰੀ ਮੰਤਰੀਆਂ ਨੂੰ ਮਿਲਣ ਜਾਂਦੇ ਸੀ।"