ਚੰਡੀਗੜ੍ਹ : ਚਰਨਜੀਤ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਨੂੰ ਜਾਂ ਤਾਂ ਅਸਤੀਫ਼ੇ ਦੇਣੇ ਪੈ ਰਹੇ ਹਨ ਅਤੇ ਜਾਂ ਫਿਰ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਇਸ ਸੱਭ ਦੀ ਲੜੀ ਵਿਚ ਹੁਣ ਦੇ ਅਧਿਕਾਰੀਆਂ ਤੇ ਚੇਅਰਮੈਨਾਂ ਦੀ ਵਾਰੀ ਆਉਣੀ ਸੰਭਾਵਕ ਜਾਪ ਰਹੀ ਹੈ। ਇਸ ਦੇ ਮੱਦੇਨਜ਼ਰ ਬੋਰਡ/ ਕਾਰਪੋਰੇਸ਼ਨ ਅਤੇ ਕਮਿਸ਼ਨ ਦੀ ਕੁਰਸੀ ’ਤੇ ਬਿਰਾਜਮਾਨ ਸਾਬਕਾ ਅਧਿਕਾਰੀਆਂ ਨੂੰ ਵੀ ਖਤਰੇ ਦੀ ਘੰਟੀ ਸੁਣਦੀ ਨਜ਼ਰ ਆ ਰਹੀ ਹੈ। ਕੁਝ ਅਧਿਕਾਰੀਆਂ ਨੂੰ ਸੇਵਾਮੁਕਤ ਹੋਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਮਹੱਤਵਪੂਰਨ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਸਿਲਸਿਲਾ ਕੈਪਟਨ ਸਰਕਾਰ ’ਚ ਆਖਰੀ ਦਿਨ ਤੱਕ ਜਾਰੀ ਰਿਹਾ। ਹੁਣ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕੈਪਟਨ ਦੇ ਕਰੀਬੀ ਅਧਿਕਾਰੀਆਂ, ਚੇਅਰਮੈਨ ਬਦਲਣ ਦੀ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ’ਚ ਹੁਣ ਓ.ਐੱਸ.ਡੀ. ਦੀ ਛੁੱਟੀ ਕਰ ਦਿੱਤੀ ਗਈ ਹੈ। ਇਸਦੇ ਕਾਰਨ ਆਉਣ ਵਾਲੇ ਦਿਨਾਂ ’ਚ ਕਈ ਸਾਬਕਾ ਅਧਿਕਾਰੀਆਂ ਦੀ ਛੁੱਟੀ ਹੋ ਸਕਦੀ ਹੈ।