Saturday, November 23, 2024
 

ਪੰਜਾਬ

ਨਵਜੋਤ ਸਿੱਧੂ ਆਫ਼ਤ ਦੀ ਜੜ੍ਹ : ਕੈਪਟਨ ਅਮਰਿੰਦਰ ਸਿੰਘ

September 18, 2021 07:41 PM

ਚੰਡੀਗੜ੍ਹ : ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਕੈਪਟਨ ਨੇ ਆਪਣੇ ਅਸਤੀਫ਼ੇ ਦਾ ਠੀਕਰਾ ਪਾਰਟੀ ਹਾਈ ਕਮਾਨ ’ਤੇ ਵੀ ਭੰਨਿਆ। ਕੈਪਟਨ ਨੇ ਕਿਹਾ ਕਿ ਮੇਰਾ ਅਪਮਾਨ ਹੋਇਆ। ਮੈਂ ਕਾਂਗਰਸ ਪ੍ਰਧਾਨ ਸੋਨੀਆ ਜੀ ਨੂੰ ਕਹਿ ਦਿੱਤਾ ਸੀ ਕਿ ਮੈਂ ਅਸਤੀਫ਼ਾ ਦੇ ਰਿਹਾ ਹਾਂ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ’ਚ ਤੀਜੀ ਵਾਰ ਕੁੱਝ ਵਿਧਾਇਕ ਇਕੱਠੇ ਹੋ ਕੇ ਕਹਿ ਦਿੰਦੇ ਹਨ ਕਿ ਮੈਂ ਕੰਮ ਨਹੀਂ ਕਰ ਰਿਹਾ। ਇਸ ਤਰ੍ਹਾਂ ਤੁਹਾਨੂੰ ਜੋ ਚੰਗਾ ਲੱਗਦਾ ਹੈ, ਉਸ ਨੂੰ ਸੀਐੱਮ ਬਣਾ ਲਓ।
ਦਰਅਸਲ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ’ਚ ਖਿੱਚੋਤਾਣ ਦੌਰਾਨ ਆਪਣੇ ਅਪਮਾਨ ਤੋਂ ਦੁਖੀ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ’ਚ ਭਵਿੱਖ ਦੀ ਸਿਆਸਤ ਬਾਰੇ ਵੀ ਸੰਕੇਤ ਦਿੱਤੇ। ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਕਿਹਾ ਕਿ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ। ਮੈਂ ਅਜੇ ਥੱਕਿਆ ਹਾਂ। ਮੈਂ ਮੁੱਖ ਮੰਤਰੀ ਦੇ ਰੂਪ ’ਚ ਨਵਜੋਤ ਸਿੰਘ ਸਿੱਧੂ ਨਾਲ ਕੰਮ ਨਹੀਂ ਕਰ ਸਕਦਾ। ਸਿੱਧੂ ਕੁੱਲ ਮਿਲਾ ਕੇ ਆਫ਼ਤ ਹਨ। ਉਨ੍ਹਾਂ ’ਚ ਕੋਈ ਸਮਰੱਥਾ ਨਹੀਂ ਹੈ। ਇਕ ਵਿਭਾਗ ਨੂੰ ਤਾਂ ਨਹੀਂ ਸੰਭਾਲ ਸਕੇ, ਪੂਰਾ ਪੰਜਾਬ ਕਿਵੇਂ ਸੰਭਾਲਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਅਗਲੀ ਰਣਨੀਤੀ ਬਾਰੇ ਕਿਹਾ ਕਿ ਮੇਰੇ ਕੋਲ ਸਾਰੇ ਬਦਲ ਖੁੱਲ੍ਹੇ ਹਨ। ਮੈਂ ਜਲਦ ਹੀ ਆਪਣੇ ਹਮਾਇਤੀਆਂ ਨੂੰ ਮਿਲਾਂਗਾ ਅਤੇ ਉਨ੍ਹਾਂ ਨਾਲ ਗੱਲਬਾਤ ਕਰ ਕੇ ਅਗਲੀ ਰਣਨੀਤੀ ਤੈਅ ਕਰਾਂਗਾ। ਕਾਰਜਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਸਾਢੇ ਨੌਂ ਸਾਲ ਮੁੱਖ ਮੰਤਰੀ ਰਿਹਾ। ਹੁਣ ਆਪਣੇ ਹਮਾਇਤੀਆਂ ਅਤੇ ਆਪਣੇ ਸਾਥੀਆਂ ਨਾਲ ਗੱਲ ਕਰ ਕੇ ਅਗਲੀ ਯੋਜਨਾ ਤਿਆਰ ਕਰਾਂਗਾ। ਮੈਂ ਅਜੇ ਪਾਰਟੀ ’ਚ ਹਾਂ।
ਕੈਪਟਨ ਨੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕੀਤੀ। ਇੰਨਾ ਕਹਿ ਕੇ ਉਹ ਪਰਤ ਗਏ। ਹਾਲਾਂਕਿ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਨੇ ਕੈਪਟਨ ਦੇ ਅਸਤੀਫ਼ੇ ਨੂੰ ਮੁਕਤੀ ਦੱਸਿਆ। ਉਨ੍ਹਾਂ ਕਿਹਾ ਕਿ ਸਟੇਟ ਦੀਆਂ ਝਾਂਜਰਾਂ ਲਹਿ ਚੁੱਕੀਆਂ ਹਨ। ਬਾਅਦ ’ਚ ਇਕ ਟੀਵੀ ਚੈਨਲ ਨਾਲ ਗੱਲਬਾਤ ’ਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਜੰਮ ਕੇ ਭੜਕੇ। ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦਿਨੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੂੰ ਦੱਸ ਦਿੱਤਾ ਸੀ ਕਿ ਮੈਨੂੰ ਨਵਜੋਤ ਸਿੰਘ ਸਿੱਧੂ ਮਨਜ਼ੂਰ ਨਹੀਂ ਹੈ। ਕੈਪਟਨ ਨੇ ਕਿਹਾ, ਸੀਐੱਮ ਦੇ ਰੂਪ ’ਚ ਮੈਨੂੰ ਨਵਜੋਤ ਸਿੰਘ ਸਿੱਧੂ ਕਿਸੇ ਸੂਰਤ ’ਚ ਮਨਜ਼ੂਰ ਨਹੀਂ ਹੈ। ਉਹ ਵਿਅਕਤੀ ਕੁੱਲ ਮਿਲਾ ਕੇ ਆਫ਼ਤ ਹੈ। ਇਕ ਮਨਿਸਟਰੀ ਤਾਂ ਸੰਭਾਲ ਨਹੀਂ ਸਕਿਆ, ਪੂਰਾ ਪੰਜਾਬ ਕਿਵੇਂ ਸੰਭਾਲੇਗਾ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ 

 

Have something to say? Post your comment

Subscribe