Friday, November 22, 2024
 

ਪੰਜਾਬ

ਮੈਨੂੰ ਬੇ-ਆਬਰੂ ਕੀਤਾ ਗਿਆ, ਸਮਾਂ ਆਉਣ ’ਤੇ ਪੱਤੇ ਖੋਲ੍ਹਾਂਗਾ : ਕੈਪਟਨ ਅਮਰਿੰਦਰ

September 18, 2021 05:52 PM

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤਾਂ ਦੇ ਹੀ ਦਿਤਾ ਗਿਆ ਹੈ ਅਤੇ ਹੁਣ ਉਨ੍ਹਾਂ ਦੇ ਤਾਜ਼ਾ ਬਿਆਨ ਵੀ ਸਾਹਮਣੇ ਆ ਰਹੇ ਹਨ ਜੋ ਕਿ ਦਸ ਰਹੇ ਹਨ ਕਿ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਗਿਆ ਹੈ। ਅਸਤੀਫ਼ਾ ਦੇਣ ਸਮੇਂ ਦੌਰਾਨ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਅਤੇ ਪਤਨੀ ਪਰਨੀਤ ਕੌਰ ਵੀ ਨਾਲ ਸਨ। ਅਸਤੀਫ਼ਾ ਸੌਂਪਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਅਸਤੀਫ਼ਾ ਦੇ ਦਿੱਤਾ ਹੈ ਹੁਣ ਉਹ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਬਣਾਉਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਕਾਂਗਰਸ ਪ੍ਰਧਾਨ ਨਾਲ ਸਵੇਰੇ ਗੱਲ ਕੀਤੀ ਸੀ ਕਿ ਮੈਂ ਅੱਜ ਅਸਤੀਫ਼ਾ ਦੇ ਰਿਹਾ ਹਾਂ। ਮੈਨੂੰ ਸਹੀ ਨਹੀਂ ਲੱਗਿਆ, ਇੰਝ ਲੱਗਿਆਂ ਜਿਵੇਂ ਮੇਰੇ ਸਰਕਾਰ ਚਲਾਉਣ ’ਤੇ ਸ਼ੱਕ ਕੀਤਾ ਜਾ ਰਿਹਾ ਹੋਵੇ। ਦੋ ਮਹੀਨੇ ’ਚ ਤੀਜੀ ਵਾਰ ਵਿਧਾਇਕ ਦਲ ਦੀ ਬੈਠਕ ਸੱਦੀ ਗਈ ਹੈ। ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ, ਬਾਕੀ ਪਾਰਟੀ ਨੇ ਫ਼ੈਸਲਾ ਕਰਨਾ ਹੈ।

ਕੈਪਟਨ ਨੇ ਕਿਹਾ ਕਿ ਮੈਨੂੰ ਬੇ-ਆਬਰੂ ਕੀਤਾ ਗਿਆ, ਸਮੇਂ ਆਉਣ ’ਤੇ ਪੱਤੇ ਖੋਲ੍ਹਾਂਗਾ। ਇਥੇ ਦਸ ਦਈਏ ਕਿਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕੁਝ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ। ਇਸ ਸਬੰਧੀ ਉਨ੍ਹਾਂ ਨੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਬੈਠਕ ਵੀ ਕੀਤੀ ਸੀ। ਵਿਧਾਇਕ ਲਗਾਤਾਰ ਇਹ ਇਲਜ਼ਾਮ ਲਗਾ ਰਹੇ ਸਨ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦਿਆਂ ’ਤੇ ਖਰੇ ਨਹੀਂ ਉਤਰੇ, ਇਸ ਲਈ ਮੁੱਖ ਮੰਤਰੀ ਬਦਲਿਆ ਜਾਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਵੀ ਕਈ ਵਾਰ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੋਲ ਚੁੱਕੇ ਸਨ।

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਸੀਨੀਅਰ ਆਗੂ ਅਜੇ ਮਾਕਨ ਤੇ ਹਰੀਸ਼ ਚੌਧਰੀ ਚੰਡੀਗੜ੍ਹ ਪਹੁੰਚ ਚੁੱਕੇ ਹਨ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਹਾਈ ਕਮਾਨ ਨੇ ਸੀਐਲਪੀ ਦੀ ਮੀਟਿੰਗ ਇਸ ਲਈ ਸੱਦੀ ਹੈ ਤਾਂ ਜੋ ਕੁਝ ਲੋਕਾਂ ਦੇ ਖ਼ਦਸ਼ੇ ਦੂਰ ਹੋ ਸਕਣ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਦੋ ਸੀਨੀਅਰ ਆਬਜ਼ਰਵਰ ਅਜੇ ਮਾਕਨ ਅਤੇ ਹਰੀਸ਼ ਚੌਧਰੀ ਪਹੁੰਚੇ ਹਨ ਅਤੇ ਜੋ ਵੀ ਦਿਸ਼ਾ-ਨਿਰਦੇਸ਼ ਉਹ ਹਾਈ ਕਮਾਨ ਤੋਂ ਲੈ ਕੇ ਆਏ ਹਨ ਅਤੇ ਨਾਲ ਹੀ ਸਾਰਿਆਂ ਨੂੰ ਸੁਣਨ ਤੋਂ ਬਾਅਦ ਜੋ ਉਹ ਫ਼ੈਸਲਾ ਲੈਣਗੇ ਸਾਨੂੰ ਸਭ ਨੂੰ ਮਨਜ਼ੂਰ ਹੋਵੇਗਾ।

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ 

 

Have something to say? Post your comment

Subscribe