ਨਵੀਂ ਦਿੱਲੀ : ਸਵਿਟਜ਼ਰਲੈਂਡ ਦੇ ਸਵਿਸ ਬੈਂਕ ਨਾਲ ਆਟੋਮੈਟਿਕ ਐਕਸਚੇਂਜ ਆਫ਼ ਇਨਫਰਮੇਸ਼ਨ ਪੈਕਟ (AEoI) ਦੇ ਤਹਿਤ ਭਾਰਤ ਨੂੰ ਇਸ ਮਹੀਨੇ ਅਪਣੇ ਨਾਗਰਿਕਾਂ ਦੇ ਸਵਿਸ ਬੈਂਕ ਖਾਤਿਆਂ ਦੀ ਜਾਣਕਾਰੀ ਦਾ ਤੀਜਾ ਸੈੱਟ ਪ੍ਰਾਪਤ ਹੋਵੇਗਾ। ਪਹਿਲੀ ਵਾਰ ਇਸ ਵਿਚ ਭਾਰਤੀਆਂ ਦੀ ਉਥੇ ਰਿਅਲ ਅਸਟੇਟ ਜਾਇਦਾਦ ਦੇ ਵੀ ਅੰਕੜੇ ਹੋਣਗੇ।
ਭਾਰਤੀਆਂ ਦੇ ਕਥਿਤ ਤੌਰ ’ਤੇ ਵਿਦੇਸ਼ ਵਿਚ ਜਮ੍ਹਾ ਕਾਲੇ ਧੰਨ ਦੇ ਖ਼ਿਲਾਫ਼ ਭਾਰਤ ਸਰਕਾਰ ਦੀ ਲੜਾਈ ਵਿਚ ਇਸ ਕਦਮ ਨੂੰ ਮੀਲ ਦਾ ਪੱਥਰ ਮੰਨਿਆ ਜਾ ਰਿਹਾ ਹੈ। ਇਸ ਦੇ ਤਹਿਤ ਭਾਰਤ ਨੂੰ ਇਸ ਮਹੀਨੇ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੇ ਫਲੈਟ, ਅਪਾਰਟਮੈਂਟ ਅਤੇ ਰਿਅਲ ਅਸਟੇਟ ਜਾਇਦਾਦ ਦੀ ਵੀ ਪੂਰੀ ਜਾਣਕਾਰੀ ਪ੍ਰਾਪਤ ਹੋਵੇਗੀ। ਨਾਲ ਹੀ ਇਸ ਵਿਚ ਇਨ੍ਹਾਂ ਜਾਇਦਾਦ ਨਾਲ ਹੋਈ ਕਮਾਈ ਦਾ ਵੀ ਜ਼ਿਕਰ ਹੋਵੇਗਾ।
ਅਧਿਕਾਰੀਆਂ ਨੇ ਦੱਸਿਆ ਕਿ ਸਵਿਸ ਸਰਕਾਰ ਰਿਅਲ ਅਸਟੇਟ ਸੰਪਤੀਆਂ ਦਾ ਬਿਓਰਾ ਸਾਂਝਾ ਕਰਨ ਦੇ ਲਈ ਤਾਂ ਤਿਆਰ ਹੋ ਗਈ ਹੈ ਲੇਕਿਨ ਗੈਰ ਲਾਭਕਾਰੀ ਸੰਗਠਨਾਂ ਅਤੇ ਅਜਿਹੇ ਹੋਰ ਫਾਊਂਡੇਸ਼ਨ ਵਿਚ ਯੋਗਦਾਨ ਅਤੇ ਡਿਜੀਟਲ ਕਰੰਸੀ ਵਿਚ ਨਿਵੇਸ਼ ਦੇ ਬਾਰੇ ਵਿਚ ਜਾਣਕਾਰੀ ਅਜੇ ਨਹੀਂ ਦੇਵੇਗੀ। ਦੱਸਦੇ ਚਲੀਏ ਕਿ ਅਜਿਹਾ ਤੀਜੀ ਵਾਰ ਹੋਵੇਗਾ ਜਦ ਸਰਕਾਰ ਨੂੰ ਸਵਿਟਜ਼ਰਲੈਂਡ ਵਿਚ ਭਾਰਤੀਆਂ ਦੇ ਬੈਂਕ ਖਾਤਿਆਂ ਅਤੇ ਹੋਰ ਵਿੱਤੀ ਸੰਪਤੀਆਂ ਦਾ ਬਿਓਰਾ ਹਾਸਲ ਹੋਵੇਗਾ।
ਏਈਓਆਈ ਤਹਿਤ ਭਾਰਤ ਨੂੰ ਸਤੰਬਰ, 2019 ਵਿਚ ਇਸ ਤਰ੍ਹਾਂ ਦਾ ਪਹਿਲਾ ਟੈਸਟ ਪ੍ਰਾਪਤ ਹੋਇਆ ਸੀ। ਉਸ ਸਾਲ ਉਹ ਇਸ ਤਰ੍ਹਾ ਦੀ ਜਾਣਕਾਰੀਆਂ ਪਾਉਣ ਵਾਲੇ 75 ਦੇਸ਼ਾਂ ਵਿਚ ਸ਼ਾਮਲ ਸੀ। ਸਤੰਬਰ, 2020 ਵਿਚ ਭਾਰਤ ਨੂੰ ਅਪਣੇ ਨਾਗਰਿਕਾਂ ਅਤੇ ਕੰਪਨੀਆਂ ਦੇ ਬੈਂਕ ਖਾਤਿਆਂ ਦੇ ਬਿਓਰੇ ਦਾ ਦੂਜਾ ਸੈਟ ਪ੍ਰਾਪਤ ਹੋਇਆ ਸੀ। ਤਦ ਸਵਿਟਜ਼ਰਲੈਂਡ ਦੇ ਫੈਡਰਲ ਟੈਕਸ ਐਡਮਨਿਸਟਰੇਸ਼ਨ ਨੇ 85 ਹੋਰ ਦੇਸ਼ਾਂ ਦੇ ਨਾਲ ਵੀ ਏਈਓਆਈ ’ਤੇ ਕੌਮਾਂਤਰੀ ਮਾਪਦੰਡਾਂ ਦੇ ਦਾਇਰੇ ਵਿਚ ਇਸ ਤਰ੍ਹਾਂ ਦੀ ਜਾਣਕਾਰੀਆਂ ਸਾਂਝਾ ਕੀਤੀਆਂ ਸਨ।