Saturday, November 23, 2024
 

ਪੰਜਾਬ

ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ

September 08, 2021 07:18 PM

ਜਲੰਧਰ : ਪੰਜਾਬੀ ਗਾਇਕ ਤੋਂ ਇਕ ਗਲਤੀ ਹੋਈ ਉਸ ਨੂੰ ਭਾਰੀ ਪੈ ਰਹੀ ਹੈ। ਦਰਅਸਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿੱਚ ਗੁਰਦਾਸ ਮਾਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਖਾਰਜ ਕਰ ਦਿੱਤਾ ਹੈ। ਉੱਧਰ ਸਿੱਖ ਸੰਗਠਨ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਕੋਰਟ ਵਿੱਚ ਸੁਣਵਾਈ ਹੋਣੀ ਸੀ, ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਕੋਰਟ ਅਤੇ ਇਸ ਦੇ ਨੇੜੇ-ਤੇੜੇ ਦੇ ਰਸਤਿਆਂ ’ਤੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ। ਏਸੀਪੀ ਬਲਵਿੰਦਰ ਇਕਬਾਲ ਕਾਹਲੋਂ ਦੀ ਅਗਵਾਈ ਵਿੱਚ 2 ਥਾਣਿਆਂ ਦੀ ਪੁਲਿਸ ਨੂੰ ਕੋਰਟ ਅਤੇ ਇਸ ਦੇ ਨੇੜੇ-ਤੇੜੇ ਦੇ ਰਾਹਾਂ ’ਤੇ ਤੈਨਾਤ ਕੀਤਾ ਗਿਆ ਸੀ।
ਬੀਤੇ ਮੰਗਲਵਾਰ ਨੂੰ ਗੁਰਦਾਸ ਮਾਨ ਅਤੇ ਸਿੱਖ ਸੰਗਠਨਾਂ ਦੇ ਵਕੀਲਾਂ ਵਿਚਾਲੇ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਬਹਿਸ ਹੋਈ ਸੀ, ਜਿਸ ਤੋਂ ਬਾਅਦ ਕੋਰਟ ਨੇ ਬੁੱਧਵਾਰ ਦੀ ਤਰੀਕ ਦੇ ਦਿੱਤੀ ਸੀ। ਦਰਅਸਲ, ਬੀਤੇ 20 ਅਗਸਤ ਨੂੰ ਜਲੰਧਰ ਦੇ ਨਕੋਦਰ ਵਿੱਚ ਡੇਰਾ ਬਾਬਾ ਮੁਰਾਦ ਸ਼ਾਹ ਵਿੱਚ ਸਾਲਾਨਾ ਮੇਲੇ ਦੌਰਾਨ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ ’ਚੋਂ ਦੱਸ ਦਿੱਤਾ ਸੀ, ਜਿਸ ਨੂੰ ਲੈ ਕੇ ਸਿੱਖ ਸੰਗਠਨਾਂ ਵਿੱਚ ਖਾਸੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ। ਇਸ ਤੋਂ ਬਾਅਦ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰਦਿਆਂ ਅਗਿਆਨਤਾ ਕਾਰਨ ਟਿੱਪਣੀ ਕਰਨ ਦੀ ਗੱਲ ਕਹੀ ਸੀ ਅਤੇ ਹੱਥ ਜੋੜ ਕੇ ਤੇ ਕੰਨ ਫੜ ਕੇ ਮਾਫ਼ੀ ਮੰਗੀ ਸੀ। ਉੱਥੇ ਹੀ ਗੁਰਦਾਸ ਮਾਨ ’ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਰਾਮਾਮੰਡੀ ਨੇੜੇ ਹਾਈਵੇਅ ਵੀ ਜਾਮ ਕਰ ਦਿੱਤਾ ਸੀ। ਮਾਮਲੇ ਨੂੰ ਲੈ ਕੇ ਗੁਰਦਾਸ ਮਾਨ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਾਉਣ ਵਾਲੇ ਸਿੱਖ ਨੇਤਾ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਸੈਸ਼ਨ ਕੋਰਟ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ, ਜਿਸ ਤੋਂ ਬਾਅਦ ਲੋੜ ਪਈ ਤਾਂ ਉਹ ਮਾਨ ਵਿਰੁੱਧ ਪੰਜਾਬ-ਹਰਿਆਣਾ ਹਾਈਕੋਰਟ ਵੀ ਜਾਣਗੇ।

 

Have something to say? Post your comment

Subscribe