ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਦੇਸ਼ਕ ਅਨੁਰਾਗ ਕਸ਼ਯਪ ਲੋਕਾਂ ਦੇ ਅਧਿਕਾਰਾਂ ਨੂੰ ਲੈ ਕੇ ਅਕਸਰ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ ਅਤੇ 'ਕਿਸਾਨ ਅੰਦੋਲਨ' ਦੇ ਵੱਡੇ ਸਮਰਥਕ ਰਹੇ ਹਨ। ਤਾਜ਼ਾ ਜਾਣਕਾਰੀ ਅਨੁਸਾਰ ਉਨ੍ਹਾਂ ਨੇ ਇੱਕ ਵਾਰ ਫਿਰ ਕਿਸਾਨਾਂ ਦੇ ਸਮਰਥਨ ਵਿਚ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਹੀ ਨਹੀਂ ਅਨੁਰਾਗ ਕਸ਼ਯਪ ਨੇ ਹਰਿਆਣਾ ਵਿਚ ਕਿਸਾਨਾਂ 'ਤੇ ਹੋਏ ਲਾਠੀਚਾਰਜ਼ 'ਤੇ ਵਿਰੋਧ ਜਤਾਉਂਦੇ ਹੋਏ ਆਪਣੀ ਇੰਸਟਾਗ੍ਰਾਮ ਪ੍ਰੋਫਾਈਲ ਤਸਵੀਰ ਨੂੰ ਅਪਡੇਟ ਕੀਤਾ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕਰਨਾਲ ਸ਼ਹਿਰ ਵਿਚ ਸ਼ਾਂਤਮਈ ਵਿਰੋਧ ਕਰ ਰਹੇ ਕਿਸਾਨਾਂ ਦੇ ਸਮੂਹ 'ਤੇ ਬੀਤੇ ਸ਼ਨੀਵਾਰ ਨੂੰ ਲਾਠੀਚਾਰਜ ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਹਰਿਆਣਾ ਪੁਲਿਸ ਅਤੇ ਅਧਿਕਾਰੀਆਂ ਦਾ ਬੇਰਹਿਮ ਅਤੇ ਵਹਿਸ਼ੀ ਵਤੀਰਾ ਹਰ ਇੱਕ ਨੇ ਦੇਖਿਆ ਸੀ। ਇਸ ਦੌਰਾਨ ਬਹੁਤ ਸਾਰੇ ਕਿਸਾਂਨਾ ਦੇ ਸਿਰ ਫੱਟ ਗਏ ਸਨ ਅਤੇ ਬਹੁਤ ਸਾਰਿਆਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਸਨ।
ਇਸ ਦੇ ਵਿਰੋਧ ਵਿਚ ਅਨੁਰਾਗ ਕਸ਼ਯਪ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ। ਅਨੁਰਾਗ ਕਸ਼ਯਪ ਨੇ ਇੱਕ ਬਜ਼ੁਰਗ ਕਿਸਾਨ ਦੀ ਤਸਵੀਰ ਲਗਾਈ, ਜਿਸ ਵਿਚ ਲਾਠੀਚਾਰਜ ਦੌਰਾਨ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਲੱਗੀਆਂ ਸਨ। ਬਜ਼ੁਰਗ ਕਿਸਾਨ ਦੀ ਤਸਵੀਰ ਬਹੁਤ ਵਾਇਰਲ ਹੋਈ ਅਤੇ ਹੁਣ ਅਨੁਰਾਗ ਕਸ਼ਯਪ ਤੱਕ ਵੀ ਪਹੁੰਚ ਗਈ ਹੈ। ਅਨੁਰਾਗ ਕਸ਼ਯਪ ਉਨ੍ਹਾਂ ਕੁਝ ਵੱਡੇ ਲੋਕਾਂ ਵਿਚੋਂ ਇੱਕ ਹਨ, ਜੋ ਸਰਕਾਰ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਨਹੀਂ ਡਰਦੇ। ਜਦੋਂ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਗਲਤ ਹੈ ਤਾਂ ਉਹ ਸਰਕਾਰ ਖ਼ਿਲਾਫ਼ ਡਟ ਜਾਂਦੇ ਹਨ।